ਸਲੋਕੁ ॥

ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥
ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੬੦ (260)

ਉਸ ਮਾਲਕ ਦੀ ਯਾਦ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ । ਉਹ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ, ਹਰ ਸਮੇਂ, ਹਰੇਕ ਥਾਂ ਦੇ ਅੰਦਰ ਮੌਜੂਦ ਹੈ ।


17 ਅਗਸਤ, 1947 : ਰੈਡਕਿਲਫ਼ ਲਾਈਨ/ਲਕੀਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਬਣੀ

ਪੰਜਾਬ ਵੰਡ ਦੀ ਪਹਿਲੀ ਲਕੀਰ 17 ਅਗਸਤ ਨੂੰ ਖਿੱਚੀ ਗਈ!

ਬੇਸ਼ੱਕ ਦੇਸ਼ ਤਾਂ ਬਰਤਾਨਵੀ ਸਾਸ਼ਨ ਤੋਂ 15 ਅਗਸਤ ਨੂੰ ਆਜ਼ਾਦ ਹੋ ਗਿਆ ਸੀ, ਪਰ ਸਰਹੱਦਾਂ ਦਾ ਤੈਅ ਹੋਣਾ ਅਜੇ ਵੀ ਬਾਕੀ ਸੀ। ਇਸ ਸਿਲਸਿਲੇ ਵਿਚ 17 ਅਗਸਤ, 1947 ਵਾਲੇ ਦਿਨ ਹੀ ਸਰਹੱਦਾਂ ਤੈਅ ਕੀਤੀਆਂ ਗਈਆਂ। ਇਸ ਸਰਹੱਦ ਦੀ ਲਕੀਰ ਨੂੰ ਰੈਡਕਿਲਫ਼ ਲਾਈਨ/ਲਕੀਰ ਆਖਿਆ ਜਾਂਦਾ ਹੈ।

ਇਸ ਰੈਡਕਿਲਫ਼ ਲਾਈਨ ਨੇ ਹੀ ਸਾਡੇ ਪੰਜਾਬ ਦੇ ਦੋ ਟੋਟੇ ਕੀਤੇ। ਉਦੋਂ ਮੁਲਕ ਦੇ ਬਾਰਡਰ ਬਿਨਾਂ ਬੈਰੀਅਰ ਦੇ ਹੋਇਆ ਕਰਦੇ ਸਨ। ਬਾਰਡਰ ‘ਤੇ ਕੇਵਲ ਡਰੱਮ ਪੇਂਟ ਕਰਕੇ ਰੱਖੇ ਗਏ ਸਨ। ਭਾਰਤ ਅਤੇ ਪਾਕਿਸਤਾਨ ਦੇ ਜ਼ਮੀਨੀ ਭੂਗੋਲਿਕ ਹਾਲਾਤ ਅਜਿਹੇ ਸਨ ਕਿ ਸਰਹੱਦਾਂ ਤੈਅ ਕਰਨੀਆਂ ਬਹੁਤ ਮੁਸ਼ਕਿਲ ਕੰਮ ਸੀ, ਕਿਉਂਕਿ ਵੰਡ ਤੋਂ ਪਹਿਲਾਂ ਦੇਸ਼ ਦੇ।ਇਨ੍ਹਾਂ ਹਿੱਸਿਆਂ ‘ਚ ਪਰਬਤ ਲੜੀਆਂ, ਗਲੇਸ਼ੀਅਰ ਅਤੇ ਮਾਰੂਥਲ ਵੀ ਆਉਂਦੇ ਸਨ।

ਅਜਿਹੇ ਹਾਲਾਤਾਂ ‘ਚ ਕੇਵਲ ਕੁਝ ਚੋਣਵੀਂ ਥਾਵਾਂ ‘ਤੇ ਹੀ ਬੋਰਡ ਲਾਏ ਗਏ ਸਨ, ਜਿਨ੍ਹਾਂ ‘ਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ – “ਇਹ ਭਾਰਤ ਦਾ ਬਾਰਡਰ ਹੈ, ਬਿਨਾਂ ਪਾਸਪੋਰਟ ਦੇ ਤੁਸੀਂ ਅੱਗੇ ਨਹੀਂ ਜਾ ਸਕਦੇ।”