ਸਲੋਕ ਮਃ ੩ ॥

ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥
ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥
ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਸਲੋਕ  ਅੰਗ ੫੫੬ (556)

ਸੰਸਾਰ ਦਾ ਹਰ ਜੀਵ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲਾ ਜਾਂਦਾ ਹੈ। ਜੇ ਕੋਈ ਮੂਰਖ ਆਪਣੇ ਆਪ ਨੂੰ ਬਹੁਤ ਵੱਡਾ ਤੇ ਮਹਾਨ ਸਮਝ ਲੈਂਦਾ ਹੈ, ਮਾਨੋ ਉਹ ਅੰਨ੍ਹਾ ਬਣ ਕੇ ਅੰਨ੍ਹਿਆਂ ਵਾਂਗ ਹੀ ਵਿਚਰਦਾ ਹੈ।

ਗੁਰੂ ਸਾਹਿਬ ਅਨੁਸਾਰ ਮਾਲਕ ਦੀ ਰਜ਼ਾ ਵਿਚ, ਇਸ ਹੁਕਮ – ਅੱਟਲ ਵਿਧਾਨ ਨੂੰ ਜਾਨਣ ਦੀ, ਜਿਸ ਮਨੁੱਖ ਉੱਤੇ ਕਿਰਪਾ ਹੁੰਦੀ ਹੈ, ਉਹ ਕੋਈ ਵਿਰਲਾ ਗੁਰਮੁਖ ਹੀ ਹੁੰਦਾ ਹੈ ਜੋ ਸਚੇ ਹੁਕਮ ਦੀ ਪਛਾਣ ਕਰਦਾ ਹੈ ।


17 ਅਪ੍ਰੈਲ, 1765 : ਸਿੱਖ ਮਿਸਲਾਂ ਦੀ ਲਾਹੌਰ ਉਤੇ ਜਿੱਤ

17 ਅਪ੍ਰੈਲ, 1765 ਵਾਲੇ ਦਿਨ ਲਾਹੌਰ ਉਪਰ ਸਿੱਖ ਮਿਸਲਾਂ ਦੇ ਸਰਦਾਰਾਂ ਦਾ ਮੁਕੰਮਲ ਕਬਜ਼ਾ ਹੋ ਗਿਆ । ਜਦੋਂ ਲਾਹੌਰ ਦੇ ਪਤਵੰਤੇ ਸ਼ਹਿਰੀਆਂ ਨੇ ਸ਼ਹਿਰ ਵਿਚ ਲੁੱਟ-ਖਸੁੱਟ ਨ ਕਰਨ ਦੀ ਬੇਨਤੀ ਕੀਤੀ ਤਾਂ ਸਿੱਖ ਜਥੇਦਾਰਾਂ ਨੇ ਸ਼ਹਿਰ ਵਿਚ ਐਲਾਨ ਕਰਵਾ ਦਿਤਾ ਕਿ ਜੋ ਕੋਈ ਵੀ ਲੁੱਟ-ਖੋਹ ਕਰਦਾ ਫੜਿਆ ਗਿਆ ਤਾਂ ਉਸਨੂੰ ਸਜ਼ਾ ਲਗਾਈ ਜਾਵੇਗੀ ।


.