ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥
ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥ਮਹਲਾ ੩ – ਗੁਰੂ ਅਮਰਦਾਸ ਜੀ
ਸੋਰਠਿ ਰਾਗ ਅੰਗ ੬੩੮ (638)
ਮੈਂ ਕੁਰਬਾਨ ਜਾਂਦਾ ਹਾਂ, ਬਾਰ-ਬਾਰ ਕੁਰਬਾਨ ਜਾਂਦਾ ਹਾਂ, ਆਪਣੇ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ।
ਜਿਸ ਗੁਰੂ ਨੇ ਮੈਨੂੰ ਗਿਆਨ ਦਾ ਨਾਮ-ਰੂਪੀ ਖ਼ਜ਼ਾਨਾ ਦਿੱਤਾ ਹੈ, ਉਸਦੀ ਮਤਿ ਲੈ ਕੇ ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ।
16 ਅਕਤੂਬਰ, 1670 : ਜਨਮ ਬਾਬਾ ਬੰਦਾ ਸਿੰਘ ਬਹਾਦਰ
ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ, ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ, ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਯੋਧੇ, ਦਾ ਜਨਮ 16 ਅਕਤੂਬਰ, 1670 ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਉਸ ਦੇ ਪਿਤਾ ਰਾਮਦੇਵ ਇਕ ਸਾਧਾਰਨ ਰਾਜਪੂਤ ਕਿਸਾਨ ਸੀ। ਉਹ ਛੋਟੀ ਉਮਰੇ ਹੀ ਇਕ ਅੱਛਾ ਘੋੜ-ਸਵਾਰ, ਪੱਕਾ ਨਿਸ਼ਾਨੇਬਾਜ਼ ਤੇ ਚੰਗਾ ਸ਼ਿਕਾਰੀ ਬਣ ਗਿਆ ਸੀ।
ਗੁਰੂ ਕਾਲ ਪਿੱਛੋਂ, ਸਿੱਖਾਂ ਦੀ ਰਹਿਨੁਮਾਈ ਕਰਨ ਅਤੇ ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਦੀ ਚੋਣ ਕੀਤੀ। ਬੰਦਾ ਬਹਾਦਰ ਦਾ ਨਾਮ ਦੇ ਕੇ ਸਿੰਘ ਸਜਾ ਕੇ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਸਲਾਹਕਾਰਾਂ ਵਜੋਂ ਪੰਜ ਪਿਆਰੇ ਤੇ ਕੁੱਝ ਹੋਰ ਸਿੰਘ ਨਾਲ ਭੇਜੇ।
ਬੰਦਾ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ। ਉਸ ਨੇ ਥੋੜ੍ਹੇ ਅਰਸੇ ਵਿੱਚ ਹੀ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਛੱਤ-ਬਨੂੜ ਵਰਗੇ ਮੁਗ਼ਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਲੜਾਈ ਜਿੱਤ ਕੇ ਸਰਹਿੰਦ ਫ਼ਤਿਹ ਕੀਤਾ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਰਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਛੇਤੀ ਹੀ ਲਾਹੌਰ ਤੋਂ ਲੈ ਕੇ ਜਮਨਾ ਪਾਰ ਸਹਾਰਨਪੁਰ ਤੱਕ ਦੇ ਇਲਾਕੇ ’ਤੇ ਬੰਦਾ ਬਹਾਦਰ ਦਾ ਖ਼ਾਲਸਾ ਰਾਜ ਕਾਇਮ ਹੋਇਆ।