ਮਃ ੫ ॥

ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਸਲੋਕ, ਰਾਗ ਗਉੜੀ  ਅੰਗ ੩੧੮ (318)

ਕੇਵਲ ਉਸ ਇੱਕੋ ਨਾਲ ਹੀ ਦੋਸਤੀ ਪਾਣੀ ਚਾਹੀਦੀ ਹੈ ਜਿਸ ਦੇ ਵੱਸ ਵਿਚ ਹਰੇਕ ਗੱਲ ਹੈ । ਪਰ ਜਿਹੜੇ ਲੋਕ ਕੁਮਿੱਤਰ ਕਹੇ ਜਾਂਦੇ ਨੇ, ਭਾਵ ਚੰਗੇ ਮਿੱਤਰ ਨਹੀਂ, ਇਕ ਕਦਮ ਭੀ ਅਸਾਡੇ ਨਾਲ ਨਹੀਂ ਜਾ ਸਕਦੇ, ਲੋੜ ਪੈਣ ਤੇ ਸਾਡੀ ਮਦਦ ਨਹੀਂ ਕਰਨਗੇ, ਐਸੇ ਕੁਮਿੱਤਰਾਂ ਨਾਲ ਬੇਲੋੜਾ ਮੋਹ ਨਾ ਵਧਾਂਦੇ ਰਹੀਏ ।


16 ਮਈ, 1746 : ਛੋਟਾ ਘੱਲੂਘਾਰਾ – ਕਾਹਨੂੰਵਾਨ ਛੰਭ ‘ਚ ਵਾਪਰਿਆ ਖੂਨੀ ਦੁਖਾਂਤ

( ਸਿੱਖ ਇਤਿਹਾਸ ਦਾ ਅਭੁੱਲ ਪੰਨਾ, ਛੋਟਾ ਘੱਲੂਘਾਰਾ ਜੋ ਕਿ ਦਲੇਰ ਅਤੇ ਸਿਦਕੀ ਸਿੱਖ ਸ਼ਹੀਦਾਂ ਨੂੰ ਦੇ ਨਾਮ ਦਰਜ਼ ਹੈ । )

ਛੋਟਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ 16 ਮਈ, 1746 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ‘ਚ ਵਾਪਰਿਆ ਇਕ ਅਜਿਹਾ ਖੂਨੀ ਦੁਖਾਂਤ ਜੋ ਕਿ ਸਿੱਖ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

ਜ਼ਕਰੀਆ ਖ਼ਾਨ ਦੀ 1745 ਈਸਵੀ ’ਚ ਮੌਤ ਤੋਂ ਬਾਅਦ ਉਸਦਾ ਪੁੱਤਰ ਯਾਹੀਆ ਖ਼ਾਨ ਪੰਜਾਬ ਦਾ ਗਵਰਨਰ ਬਣਿਆ। ਯਾਹੀਆ ਖ਼ਾਨ ਨੇ ਆਪਣੀਆਂ ਫ਼ੌਜਾਂ ਨੂੰ ਹੁਕਮ ਦਿੱਤੇ ਕਿ ਸਿੱਖਾਂ ਦਾ ਖ਼ੁਰਾ ਖੋਜ ਮਿਟਾਅ ਦਿੱਤਾ ਜਾਵੇ ਅਤੇ ਸਿੱਖਾਂ ਦੇ ਸਿਰ ਵੱਢ ਲਿਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ।

ਯਾਹੀਆ ਖ਼ਾਨ ਦੇ ਵਧਦੇ ਜ਼ੁਲਮਾਂ ਨੂੰ ਵੇਖਦਿਆਂ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਨੂੰ ਕਾਹਨੂੰਵਾਨ ’ਚ ਇਕੱਠੇ ਹੋਣ ਦਾ ਹੁਕਮ ਕੀਤਾ ਤਾਂ ਸਿੱਖਾਂ ਨੇ ਕਾਹਨੂੰਵਾਨ ਛੰਭ ’ਚ ਜਾ ਟਿਕਾਣਾ ਕਰ ਲਿਆ। ਇਸ ਛੰਭ ’ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਗੁਰਦਿਆਲ ਸਿੰਘ ਡੱਲੇਵਾਲੀਆ, ਹਰੀ ਸਿੰਘ ਭੰਗੀ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਅਤੇ ਨੌਧ ਸਿੰਘ ਆਦਿ ਜਥੇ ਲੈ ਕੇ ਹਜ਼ਾਰਾਂ ਦੀ ਗਿਣਤੀ ’ਚ ਸਿੰਘ ਇਕੱਠੇ ਹੋਏ ਤਾਂ ਯਾਹੀਆ ਖ਼ਾਨ ਤੇ ਲਖਪਤ ਰਾਏ ਨੇ ਘੇਰਾ ਪਾ ਲਿਆ। ਗਹਿਗੱਚ ਜੰਗ ’ਚ ਯਾਹੀਆ ਖ਼ਾਨ ਤੇ ਲਖਪਤ ਦੇ ਪੁੱਤਰ ਮਾਰੇ ਗਏ।

ਮੁਗ਼ਲਾਂ ਨੇ ਆਖ਼ਰ 30 ਮਈ 1746 ਨੂੰ ਛੰਭ ਦੇ ਜੰਗਲ ਨੂੰ ਅੱਗ ਲਾ ਦਿੱਤੀ। ਇਸ ਅੱਗ ’ਚ 15 ਹਜ਼ਾਰ ਤੋਂ ਵੱਧ ਸਿੰਘ, ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ।

ਅੱਜ ਇਸ ਸਥਾਨ ’ਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ ।


16 ਮਈ, 1739 : ਨਾਦਰਸ਼ਾਹ ਲੁੱਟ ਦਾ ਮਾਲ ਅਤੇ ਕੋਹਿਨੂਰ ਹੀਰਾ ਲੈ ਕੇ ਆਪਣੇ ਮੁਲਕ ਵਾਪਸ ਪਰਤਿਆ

ਦਿੱਲੀ ਵਿੱਚ 57 ਦਿਨਾਂ ਤੱਕ ਰਹਿਣ ਤੋਂ ਬਾਅਦ 16 ਮਈ, 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ ਦਾ ਰੁਖ਼ ਕੀਤਾ। ਆਪਣੇ ਨਾਲ ਉਹ ਪੀੜੀਆਂ ਤੋਂ ਇਕੱਠੀ ਕੀਤੀ ਗਈ ਮੁਗ਼ਲਾਂ ਦੀ ਸਾਰੀ ਦੌਲਤ ਲੈ ਗਿਆ। ਉਸ ਦੀ ਸਭ ਤੋਂ ਵੱਡੀ ਲੁੱਟ ਸੀ ਤਖ਼ਤੇ-ਤਾਉਸ ਜਿਸ ਵਿੱਚ ਕੋਹਿਨੂਰ ਹੀਰਾ ਅਤੇ ਤੈਮੂਰ ਦੀ ਰੂਬੀ ਜੜੀ ਹੋਈ ਸੀ।

ਲੁੱਟੇ ਗਏ ਸਾਰੇ ਖ਼ਜ਼ਾਨੇ ਨੂੰ 700 ਹਾਥੀਆਂ, 400 ਊਠਾਂ ਅਤੇ 17,000 ਘੋੜਿਆਂ ‘ਤੇ ਲੱਦ ਕੇ ਇਰਾਨ ਦੇ ਲਈ ਰਵਾਨਾ ਕੀਤਾ ਗਿਆ।

ਕੋਹਿਨੂਰ ਹੀਰਾ ਨਾਦਰ ਸ਼ਾਹ ਦੇ ਕੋਲ ਵੀ ਬਹੁਤ ਦਿਨਾਂ ਤੱਕ ਨਹੀਂ ਰਹਿ ਸਕਿਆ। ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਸਦੇ ਅਫ਼ਗਾਨ ਅੰਗ-ਰੱਖਿਅਕ ਅਹਿਮਦ ਸ਼ਾਹ ਅਬਦਾਲੀ ਕੋਲ ਆਇਆ ਅਤੇ ਕਈ ਹੱਥਾਂ ਤੋਂ ਹੁੰਦਾ ਹੋਇਆ 1813 ਵਿੱਚ ਮਹਾਂਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ।


16 ਮਈ, 1765 : ਸਿੱਖਾਂ ਨੇ ਲਾਹੌਰ ‘ਤੇ ਕਬਜ਼ਾ ਕੀਤਾ

ਭੰਗੀ ਮਿਸਲ ਦੇ ਮੁਖੀਆਂ ਦੀ ਅਗਵਾਈ ਵਿਚ, 16 ਮਈ, 1765 ਦੇ ਦਿਨ, ਸਿੱਖਾਂ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ।