ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨਿ੍ਹ ਉਠਾਈ ਪੋਟਲੀ ਕਿਥੈ ਵੰਞਾ ਘਤਿ ॥

 : ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੭੮ (1378)

ਫਰੀਦ ਜੀ ਕਹਿੰਦੇ ਹਨ ਕਿ ਸਤਿਗੁਰੂ ਦੇ ਦਰ ਦੀ ਫ਼ਕੀਰੀ ਕਰਨੀ ਬਹੁਤ ਔਖੀ ਕਾਰ ਹੈ, ਤੇ ਮੈਂ ਹੋਰਨਾਂ ਦੁਨੀਆਦਾਰਾਂ ਵਾਂਗ ਹੀ ਫਿਰ ਰਿਹਾ ਹਾਂ । ਮੋਹ ਮਾਇਆ ਦੀ ਨਿੱਕੀ ਜਹੀ ਗੰਢ ਮੈਂ ਭੀ ਬੰਨ੍ਹ ਕੇ ਚੁੱਕੀ ਹੋਈ ਹੈ, ਇਸ ਨੂੰ ਸੁੱਟ ਕੇ ਕਿਥੇ ਜਾਵਾਂ?


16 ਮਾਰਚ, 1846 : ਲਾਹੌਰ ਦਾ ਅਹਿਦਨਾਮਾ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ

ਪਹਿਲੇ ਸਿੱਖ-ਐਗਲੋ ਯੁੱਧ, ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ, ਵਿਚ ਡੋਗਰਿਆਂ ਦੀਆਂ ਗਦਾਰੀਆਂ ਕਰਕੇ ਖਾਲਸਾ ਫੌਜ ਅੰਗਰੇਜਾਂ ਖਿਲਾਫ਼ ਲੜੀਆਂ ਗਈਆਂ ਲੜਾਈਆਂ ਹਾਰ ਗਈ।

ਫ਼ਰੰਗੀਆਂ ਨੇ ਗ਼ਦਾਰ ਡੋਗਰਿਆਂ ਨੂੰ ਇਨਾਮਾਂ ਨਾਲ ਨਿਵਾਜਿਆ। ਗੁਲਾਬ ਸਿੰਹ ਡੋਗਰੇ ਨੂੰ ਜੰਮੂ ਦਾ ਖ਼ੁਦਮੁਖਤਿਆਰ ਰਾਜਾ ਬਣਾ ਦਿੱਤਾ ਅਤੇ ਲਾਲ ਸਿੰਹ ਡੋਗਰੇ ਨੂੰ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਅਤੇ ਤੇਜਾ ਸਿੰਹ ਨੂੰ ਫੌਜਾ ਦਾ ਮੁਖੀ ਲਗਾ ਦਿੱਤਾ।

ਇਸ ਉਪਰੰਤ 16 ਮਾਰਚ 1846 ਨੂੰ “ਲਾਹੌਰ ਦਾ ਅਹਿਦਨਾਮਾ” ਲਿਖਿਆ ਗਿਆ। ਜਿਸ ਦੇ ਤਹਿਤ “ਸਤਲੁਜ ਅਤੇ ਬਿਆਸ” ਦੇ ਵਿਚਕਾਰ ਦੋਆਬ ਦਾ ਖਿੱਤਾ ਸਿੱਖਾਂ ਨੂੰ ਜੰਗ ਦੇ ਖਰਚੇ ਵਜੋਂ ਅੰਗਰੇਜ਼ਾਂ ਨੂੰ ਦੇਣਾ ਪਿਆ। ਇਸ ਤੋਂ ਇਲਾਵਾ ਡੇਢ ਕਰੋੜ ਰੁਪਏ ਦਾ ਹੋਰ ਜੰਗ ਦਾ ਹਰਜਾਨਾ ਵੀ ਭਰਨਾ ਪਿਆ। ਅੰਗਰੇਜ਼ਾਂ ਵੱਲੋਂ ਲਾਹੌਰ ਦਰਬਾਰ ਉੱਤੇ ਕੁਝ ਹੋਰ ਰੋਕਾਂ ਅਤੇ ਸ਼ਰਤਾਂ ਵੀ ਲਾ ਦਿੱਤੀਆਂ ਗਈਆਂ।

ਇਸ ਸੰਧੀ ਤੋਂ ਬਾਅਦ ਉਂਝ ਤਾਂ ਲਾਹੌਰ ਉੱਤੇ ਮਹਾਰਾਜਾ ਦਲੀਪ ਸਿੰਘ ਦਾ ਰਾਜ ਸਿਰਫ ਨਾਂ ਦਾ ਹੀ ਰਾਜ ਸੀ ਅਤੇ ਅਸਲ ਵਿਚ ਹਕੂਮਤ ਅੰਗਰੇਜ਼ਾਂ ਦੀ ਹੀ ਚਲਦੀ ਸੀ। ਇਸ ਦੇ ਬਾਵਜ਼ੂਦ ਵੀ ਸਿੱਖ ਇਸ ਅਹਿਦਨਾਮੇ ਉੱਤੇ ਪਹਿਰਾ ਦਿੰਦਾ ਰਹੇ।