ਆਸਾ ਘਰੁ ੭ ਮਹਲਾ ੫ ॥

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
ਸੰਗੀ ਸਾਥੀ ਸਗਲ ਤਰਾਂਈ ॥੧॥
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥੧॥ ਰਹਾਉ ॥
ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਆਸਾ ਰਾਗ  ਅੰਗ ੩੯੪ (394)

ਆਪਣੇ ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ ਮੈਂ ਸੱਚੇ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ । ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ, ਆਪਣੇ ਸੰਗੀ-ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ ।

ਮੇਰਾ ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ । ਆਪਣੇ ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਮਾਲਕ ਨੂੰ ਸਿਮਰ ਕੇ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ।

ਇਹ ਮੇਰੇ ਗੁਰੂ ਦੀ ਮੇਹਰ ਹੈ ਕਿ ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ, ਤੇ ਤੇਰਾ ਦਾਸ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ।


16 ਜੂਨ, 1606 : ਗੁਰੂ ਅਰਜਨ ਦੇਵ ਜੀ ਅਸਿਹ ਤੇ ਅਕਿਹ ਤਸੀਹੇ ਸਹਾਰਦੇ ਹੋਏ ਲਾਹੌਰ ਵਿਖੇ ਸ਼ਹੀਦ ਹੋਏ

ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹੀ ਸੰਤਾਂ ਤੇ ਭਗਤਾਂ ਦੀ ਇਕੱਤਰ ਬਾਣੀ ਨੂੰ ਤਰਤੀਬਵਾਰ ਕੀਤਾ। ਇਸ ਤਰ੍ਹਾਂ ਇਕ ਮਹਾਨ ਗ੍ਰੰਥ ਤਿਆਰ ਹੋਇਆ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ, ਦੇ ਨਾਲ ਹੀ 15 ਭਗਤਾਂ ਦੀ ਬਾਣੀ ਦਰਜ਼ ਹੋਈ।

ਇਸ ਆਦਿ ਗ੍ਰੰਥ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਹਰ ਜਾਤਿ, ਧਰਮ, ਮਜ਼ਹਬ ਦੇ ਲੋਕਾਂ ਉੱਤੇ ਹੋਣਾ ਸ਼ੁਰੂ ਹੋ ਗਿਆ। ਪਰ ਮੁਸਲਮਾਨ ਕੱਟੜਪੰਥੀ ਅਤੇ ਸਨਾਤਨੀ ਬ੍ਰਾਹਮਣ ਆਪਣੇ ਮਜ਼ਹਬ ਤੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ।

ਉਨ੍ਹਾਂ ਨੇ ਬਾਦਸ਼ਾਹ ਅਕਬਰ ਦੇ ਕੰਨ ਭਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਕਬਰ ਉਤੇ ਕੋਈ ਅਸਰ ਨਹੀਂ ਹੋਇਆ। ਅਕਬਰ ਤੋਂ ਪਿੱਛੋਂ ਜਦੋਂ ਉਸਦਾ ਪੁੱਤਰ ਜਹਾਂਗੀਰ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ, ਗੁਰੂ ਘਰ ਵਿਰੁੱਧ, ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ।

ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ।

ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਜਹਾਂਗੀਰ ਬਾਦਸ਼ਾਹ ਨੇ ਆਪ ਦਿਤਾ ਸੀ। ਇਸ ਦਾ ਖੁਲਾਸਾ ਉਹ ਅਪਣੀ ਸਵੈ-ਜੀਵਨੀ ‘ਤੁਜ਼ਕ-ਏ-ਜਹਾਂਗੀਰੀ’ ਵਿਚ ਵੀ ਕਰਦਾ ਹੈ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ‘ਯਾਸਾ-ਓ-ਸਿਆਸਤ’ ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ। ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ।

ਅਗਲੇ ਕਈ ਦਿਨ ਗੁਰੂ ਸਾਹਿਬ ਨੂੰ ਰਾਵੀ ਦੇ ਕੰਢੇ, ਤੱਤੀ ਤਵੀ ਉੱਤੇ ਬਿਠਾ ਕੇ, ਭੱਠੀ ਵਾਂਗ ਤਪਦੀ ਹੋਈ ਰੇਤ ਸਿਰ ਉਤੇ ਪਾ ਕੇ, ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਅਣਗਿਣਤ ਤਸੀਹੇ ਦਿਤੇ ਗਏ। ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਵੀ ਪਾਇਆ ਗਿਆ। ਬਹੁਤ ਦਿਨਾਂ ਤਕ ਇਹ ਤਸੀਹੇ ਜ਼ਾਰੀ ਰਹੇ, ਪਰ ਗੁਰੂ ਸਾਹਿਬ ਨੇ “ਤੇਰਾ ਕੀਆ ਮੀਠਾ ਲਾਗੈ ॥” ਦੇ ਮਹਾਂਵਾਕ ਅਨੁਸਾਰ, ਕੁਦਰਤਿ ਦੇ ਭਾਣੇ ਵਿਚ, ਅਸਹਿ ਅਤੇ ਅਕਹਿ ਤਸੀਹੇ ਸਹਾਰਦੇ ਹੋਏ ਵੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਅਡੋਲ ਬਣੇ ਰਹੇ, ਤੇ ਸਾਡੇ ਵਾਸਤੇ ਮਿਸਾਲ ਕਾਇਮ ਕਰ ਗਏ ਕਿ – “ਸੱਚ ਦੇ ਮਾਰਗ ਉਤੇ ਚੱਲਣ ਵਾਲੀਆਂ ਨੂੰ ਅਕਹਿ ਕਸ਼ਟ ਸਹਾਰਨ ਦੀ ਤਾਕਤ ਆਪਣੇ ਅੰਦਰੋਂ ਹੀ ਲੱਭ ਲੈਣੀ ਚਾਹੀਦੀ ਹੈ।”

ਅੰਤ 16 ਜੂਨ, 1606 ਦੇ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿਚ ਰੋੜ੍ਹ ਦਿਤਾ ਗਿਆ।ਅੱਜਕਲ੍ਹ ਇਸ ਅਸਥਾਨ ਤੇ ਗੁਰਦੁਆਰਾ ਡੇਹਰਾ ਸਾਹਿਬ ਸੁਸ਼ੋਭਿਤ ਹੈ, ਜੋ ਕਿ ਹੁਣ ਪਾਕਿਸਤਾਨ ਵਿਚ ਹੈ।