ਸਲੋਕੁ ਮਃ ੩ ॥
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥
ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥ਮਹਲਾ ੩ – ਗੁਰੂ ਅਮਰਦਾਸ ਜੀ
ਸਿਰੀ ਰਾਗ ਅੰਗ ੮੮ (88)
ਜਿਹੜਾ ਗੁਰਸਿੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਆਪਣਾ ਸਿਰ ਲੇਖੇ ਲਾ ਦਿੰਦਾ ਹੈ । ਭਾਵ ਆਪਣਾ ਮਨੁੱਖਾ ਜਨਮ ਸਫਲਾ ਕਰ ਲੈਂਦਾ ਹੈ ।
ਅਜੇਹੇ ਮਨੁੱਖ ਤਾਂ ਆਪਣੇ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ । ਪਰ ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ ।
ਗੁਰੂ ਸਾਹਿਬ ਆਖਦੇ ਹਨ ਕਿ ਕਿਸੇ ਨੂੰ ਕੁਝ ਚੰਗਾ-ਮੰਦਾ ਆਖਿਆ ਨਹੀਂ ਜਾ ਸਕਦਾ ਕਿਉਂਕਿ ਜੋ ਉਸ ਮਾਲਕ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਕੁੱਝ ਉਹ ਕਰਦਾ ਹੈ ।
16 ਜੁਲਾਈ, 1745 – ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ
ਧਰਮ, ਕੌਮ ਤੇ ਮਾਨਵਤਾ ਦੀ ਭਲਾਈ ਲਈ ਮੌਤ ਨੂੰ ਹੱਸ ਕੇ ਗਲੇ ਲਗਾਉਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। 16 ਜੁਲਾਈ, 1745 ਵਾਲੇ ਦਿਨ ਲੋੜਵੰਦਾਂ, ਰਾਹਗੀਰਾਂ ਅਤੇ ਸਿੱਖਾਂ ਦੀ ਲੰਗਰ-ਪਾਣੀ ਦੀ ਸੇਵਾ ਕਰਨ ਵਾਲੇ ਮਹਾਨ ਸਿੱਦਕੀ ਸਿੱਖ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਗਈ, ਪਰ ਉਨ੍ਹਾਂ ਦਾ ਸਿਦਕ ਡੋਲਿਆ ਨਹੀਂ।
ਭਾਈ ਤਾਰੂ ਸਿੰਘ ਜੀ ਪਿੰਡ ਪੂਲੇ (ਜਿਲ੍ਹਾ ਅੰਮ੍ਰਿਤਸਰ) ਦੇ ਰਹਿਣ ਵਾਲੇ ਸੀ। ਖੇਤੀਬਾੜੀ ਕਰਨੀ ਤੇ ਹਰ ਆਏ ਗਏ ਲੋੜਵੰਦਾਂ ਦੀ ਸੇਵਾ ਕਰਨੀ। ਹਕੂਮਤ ਦੇ ਜੁਲਮਾ ਕਰਕੇ ਜੋ ਸਿੰਘ ਵੱਸੋ ਤੋਂ ਦੂਰ ਜੰਗਲਾਂ ਚ ਰਹਿੰਦੇ ਸੀ, ਵੇਲੇ ਕੁਵੇਲੇ ਉਨ੍ਹਾਂ ਤੱਕ ਵੀ ਰਸਤ ਪਾਣੀ ਪਹੁੰਚਾ ਦੇਣਾ। ਕਈ ਵਾਰ ਰਾਤ ਨੂੰ ਸਿੰਘ ਘਰ ਆ ਕੇ ਵੀ ਪ੍ਰਸ਼ਾਦਾ ਛਕ ਜਾਂਦੇ। ਇਸ ਸੇਵਾ ‘ਚ ਭਾਈ ਸਾਹਿਬ ਦੀ ਭੈਣ ਤਾਰੋ ਤੇ ਮਾਤਾ ਜੀ ਸਹਾਇਕ ਸੀ। ਸਾਰਾ ਇਲਾਕਾ ਭਾਈ ਸਾਹਿਬ ਜੀ ਦਾ ਬੜਾ ਸਤਿਕਾਰ ਕਰਦਾ।
ਜੰਡਿਆਲੇ ਦੇ ਰਹਿਣ ਵਾਲੇ ਹਰਿਭਗਤ ਨਿਰੰਜਨੀਆਂ ਨੇ ਲਾਹੌਰ ਦੇ ਨਵਾਬ ਜ਼ਕਰੀਏ ਕੋਲ ਭਾਈ ਤਾਰੂ ਸਿੰਘ ਜੀ ਦੀ ਚੁਗਲੀ ਕਰ ਦਿੱਤੀ। ਜ਼ਕਰੀਏ ਨੇ ਲਾਹੌਰ ਤੋਂ ਪੁਲਿਸ ਭੇਜੀ। ਜਦੋ ਉਹ ਪੁੂਲੇ ਪਿੰਡ ਪਹੁੰਚੇ ਤਾਂ ਭਾਈ ਸਾਹਿਬ ਉਸ ਵੇਲੇ ਖੇਤਾਂ ਵਿੱਚ ਕੰਮ ਕਰਦੇ ਸੀ।
ਇਕ ਬੰਦੇ ਨੇ ਜਾ ਕੇ ਕਿਹਾ “ਪੁਲਸ ਤੇਨੂੰ ਫੜਣ ਆਈ ਆ, ਤੁੂ ਪਾਸੇ ਹੋ ਜਾ ਅਸੀ ਸਾਂਭ ਲਵਾਂਗੇ।” ਭਾਈ ਸਾਹਿਬ ਨੇ ਹੌਸਲਾ ਦਿੰਦਿਆਂ ਕਿਹਾ “ਜਦੋਂ ਆਪਾਂ ਕੋਈ ਗੁਨਾਹ ਨਹੀਂ ਕੀਤਾ ਲੁਕਣ ਦੀ ਕੀ ਲੋੜ?” ਉਹ ਆਪ ਹੀ ਪਿੰਡ ਆ ਗਏ। ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਈ ਸਾਹਿਬ ਦੀ ਭੈਣ ਨੂੰ ਵੀ ਫੜ ਲਿਆ। ਪਿੰਡ ਵਾਲਿਆਂ ਨੇ ਮਿੰਨਤ ਤਰਲਾ ਕਰ ਪੈਸੇ ਦੇਕੇ ਭੇੈਣ ਤਾਰੋ ਨੂੰ ਛੁਡਾ ਲਿਆ।
ਭਾਈ ਤਾਰੁੂ ਸਿੰਘ ਨੂੰ ਜ਼ਕਰੀਆ ਖਾਨ ਸਾਹਮਣੇ ਪੇਸ਼ ਕੀਤਾ ਗਿਆ। ਉਸਨੇ ਭਾਈ ਸਾਹਿਬ ਨੂੰ ਬਹੁਤ ਲਾਲਚ ਅਤੇ ਡਰਾਵੇ ਦਿੱਤੇ ਤਾਂ ਜੋ ਉਹ ਸਿੱਖੀ ਛੱਡ ਕੇ ਇਸਲਾਮ ਧਾਰਨ ਕਰ ਲੈਣ। ਪਰ ਭਾਈ ਤਾਰੂ ਸਿੰਘ ਅਡੋਲ ਰਹੇ। ਕਰੋਧ ਨਾਲ ਭਰੇ ਜ਼ਕਰੀਏ ਨੇ ਕਿਹਾ “ਮੈਂ ਵੀ ਦੇਖਦਾ ਕਿਵੇਂ ਕੇਸਾਂ-ਸਵਾਸਾਂ ਨਾਲ ਇਹਦੀ ਸਿੱਖੀ ਨਿਭਦੀ ਆ।”
ਅੰਤ ਜਕਰੀਆ ਖਾਨ ਨੇ ਜ਼ੁਲਮ ਦੀ ਹੱਦ ਕਰ ਦਿੱਤੀ। ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਸੁਣਾ ਦਿੱਤਾ। ਮੋਚੀ ਨੂੰ ਸੱਦਿਆ ਗਿਆ। ਉਸ ਨੇ ਤਿੱਖੀ ਰੰਬੀ ਉਨ੍ਹਾਂ ਦੇ ਮੱਥੇ ‘ਚ ਰੱਖ ਕੇ ਸੱਟ ਮਾਰੀ। ਖੁੂਨ ਨੁੱਚੜਨ ਲੱਗ ਪਿਆ। ਜ਼ਕਰੀਆ ਖਾਨ ਨੇ ਇਸ਼ਾਰਾ ਕੀਤਾ ਕਿ ਰੁਕਣਾ ਨਹੀਂ।
ਇਸੇ ਤਰ੍ਹਾਂ ਕੁੱਝ ਸਮੇਂ ਵਿਚ ਹੀ ਭਾਈ ਤਾਰੂ ਸਿੰਘ ਦਾ ਖੋਪਰ ਸਣੇ ਕੇਸਾਂ ਦੇ ਉਖਾੜ ਦਿੱਤਾ। ਲਹੂ ਦੀਆਂ ਧਾਰਾ ਚੱਲ ਪਈਆਂ ਪਲਾਂ ‘ਚ ਸਾਰਾ ਸਰੀਰ ਲਹੂ ਲੁਹਾਨ ਹੋ ਗਿਆ। ਇਸ ਤਰ੍ਹਾਂ ਕੁੱਝ ਚਿਰ ਬਾਅਦ ਉਹ ਸ਼ਹਾਦਤ ਪ੍ਰਾਪਤ ਕਰ ਗਏ।