ਆਸਾ ॥
ਜਗ ਜੀਵਨ ਐਸੇ ਸੁਪਨੇ ਜੈਸਾ ਜੀਵਨ ਸੁਪਨ ਸਮਾਨ ॥ ਸਾਚੁ ਕਰ ਹਮ ਗਾਨਿ ਦੀਨੀ ਛੋਡਿ ਪਰਮ ਨਿਧਾਨ
ਬਾਬਾ ਮਾਇਆ ਮੋਹ ਹਿਤੁ ਕੀਨ੍ਹ ਜਿਨ ਗਿਆਨ ਰਤਨੁ ਹਿਰਿ ਲੀਨੁ ॥੧॥ ਰਹਾਉ ॥
ਨੈਨ ਦੇਖਿ ਪਤੰਗੁ ਉਰਝੇ ਪਸਨ ਦੇਖੇ ਆਗਿ ਕਾਲ ਫਾਸ ਨਾ ਮੁਗਧੁ ਚੇਤੇ ਕਨੀਕ ਕਾਮਿਨਿ ਲਾਗਿ ॥
ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ।।
ਭਗਤ ਕਬੀਰ ਜੀ
ਰਾਗ ਆਸਾ ਅੰਗ ੪੮੨
ਜਗਤ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ ।ਪਰ ਆਸਾ ਸਭ ਤੇ ਉੱਚੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਛੱਡ ਕੇ, ਇਸ ਸੁਪਨ ਸਪਾਨ ਜੀਵਨ ਨੂੰ ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਰੱਖੀ ਹੈ ।
ਹੇ ਪਰਮਾਤਮਾ । ਅਸੀਂ ਮਾਇਆ ਨਾਲ ਮੋਹ ਪਿਆਰ ਪਾਇਆ ਹੋਇਆ ਹੈ।ਜਿਸ ਨੇ ਸਾਡਾ ਗਿਆਨ ਰੂਪ ਹੀਰਾ ਚੁਰਾ ਲਿਆ ਹੈ ।
ਭੰਬਟ ਅੱਖਾਂ ਨਾਲ ਦੀਵੇ ਦੀ ਲਾਟ ਦਾ ਰੂਪ ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ। ਤਿਵੇਂ ਹੀ ਮੂਰਖ ਜੀਵ ਸੋਨੇ ਤੇ ਇਸਤ੍ਰੀ ਦੇ ਮੋਹ ਵਿੱਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ।
ਤੂੰ ਵਿਕਾਰ ਛੱਡ ਦੇ ਤੇ ਪ੍ਰਭੂ ਨੂੰ ਚੇਤੇ ਕਰ, ਉਹੀ ਇਸ ਸੰਸਾਰ ਸਮੁੰਦਰ ਵਿੱਚੋਂ ਤਾਰਨ ਲਈ ਜਹਾਜ਼ ਹੈ। ਉਹ ਸਾਡੇ ਜੀਵਨ ਦਾ ਆਸਰਾ, ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
16 ਜਨਵਰੀ 1872 :- ਮਲੇਰ ਕੋਟਲਾ ਦੇ ਮੈਦਾਨ ਵਿੱਚ ਸਿੰਘਾਂ ਦੀ ਲਾਸਾਨੀ ਤੋਪਾ ਵਾਲੀ ਸ਼ਹਾਦਤ
16 ਜਨਵਰੀ 1872 ਦੇ ਦਿਨ ਮਲੇਰਕੋਟਲਾ ਦੇ ਮੈਦਾਨ ਵਿੱਚ ਨਾਮਧਾਰੀ ਸਿੰਘਾਂ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਉਹ ਅਦੁੱਤੀ ਕੁਰਬਾਨੀ ਦਿੱਤੀ, ਜਿਸ ਨੇ ਸਿੱਖ ਇਤਿਹਾਸ ਵਿੱਚ ਨਿਰਭੈਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ। ਸਤਿਗੁਰੂ ਰਾਮ ਸਿੰਘ ਜੀ ਦੇ ਇਹ ਲਾਡਲੇ ਸਿਪਾਹੀ ਅੰਗਰੇਜ਼ੀ ਸਾਮਰਾਜ ਦੇ ਜ਼ੁਲਮ ਅਤੇ ਉਨ੍ਹਾਂ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਡਟੇ ਹੋਏ ਸਨ। ਜਦੋਂ ਅੰਗਰੇਜ਼ ਹਕੂਮਤ ਨੇ ਇਨ੍ਹਾਂ ਸਿੰਘਾਂ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ, ਤਾਂ ਸਿੰਘਾਂ ਦੇ ਚਿਹਰਿਆਂ ‘ਤੇ ਮੌਤ ਦਾ ਕੋਈ ਭੈਅ ਨਹੀਂ ਸੀ, ਸਗੋਂ ਉਹ ਦੇਸ਼ ਅਤੇ ਧਰਮ ਲਈ ਆਪਾ ਵਾਰਨ ਦੇ ਚਾਅ ਵਿੱਚ ਸਨ।
16 ਜਨਵਰੀ ਨੂੰ ਮਲੇਰਕੋਟਲਾ ਦੇ ਪਰੇਡ ਗਰਾਉਂਡ ਵਿੱਚ 49 ਨਾਮਧਾਰੀ ਸਿੰਘਾਂ ਨੂੰ ਤੋਪਾਂ ਦੇ ਸਾਹਮਣੇ ਲਿਆਂਦਾ ਗਿਆ। ਅੰਗਰੇਜ਼ੀ ਫ਼ੌਜ ਨੇ ਸਿੰਘਾਂ ਨੂੰ ਤੋਪਾਂ ਦੇ ਅੱਗੇ ਪਿੱਠ ਕਰਕੇ ਖੜ੍ਹੇ ਹੋਣ ਦਾ ਹੁਕਮ ਦਿੱਤਾ, ਤਾਂ ਜੋ ਉਹ ਗੋਲਾ ਚੱਲਣ ਸਮੇਂ ਮੌਤ ਨੂੰ ਨਾ ਦੇਖ ਸਕਣ। ਪਰ ਸੂਰਬੀਰ ਸਿੰਘਾਂ ਨੇ ਬੜੀ ਦਲੇਰੀ ਨਾਲ ਇਸ ਹੁਕਮ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ “ਸਿੱਖ ਕਦੇ ਮੌਤ ਨੂੰ ਪਿੱਠ ਨਹੀਂ ਦਿਖਾਉਂਦਾ।” ਉਹ ਇੱਕ-ਇੱਕ ਕਰਕੇ ਚੜ੍ਹਦੀ ਕਲਾ ਵਿੱਚ ਜੈਕਾਰੇ ਗੁੰਜਾਉਂਦੇ ਹੋਏ ਆਪ ਤੇਪਾਂ ਦੇ ਮੂਹਰੇ ਛਾਤੀਆਂ ਤਾਣ ਕੇ ਖੜ੍ਹੇ ਹੋ ਗਏ।
ਇਹ ਦ੍ਰਿਸ਼ ਦੇਖ ਕੇ ਅੰਗਰੇਜ਼ ਅਫ਼ਸਰ ਵੀ ਹੈਰਾਨ ਰਹਿ ਗਏ ਕਿ ਕਿਵੇਂ ਕੋਈ ਮੌਤ ਨੂੰ ਇੰਨੀ ਖੁਸ਼ੀ ਨਾਲ ਗਲੇ ਲਗਾ ਸਕਦਾ ਹੈ। ਤੋਪਾਂ ਦੇ ਗੋਲਿਆਂ ਨੇ ਸਿੰਘਾਂ ਦੇ ਸਰੀਰਾਂ ਦੇ ਚੀਥੜੇ ਉਡਾ ਦਿੱਤੇ, ਪਰ ਉਨ੍ਹਾਂ ਦੇ ਸਿਦਕ ਨੂੰ ਨਾ ਡੁਲਾ ਸਕੇ। ਇਹ ਸ਼ਹਾਦਤ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪਹਿਲੀ ਵਾਰ ਸੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸਿੰਘਾਂ ਨੇ ਸ਼ਾਂਤਮਈ ਰਹਿ ਕੇ ਤੋਪਾਂ ਅੱਗੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਅੱਜ ਵੀ ਇਹ ਦਿਨ ਸਾਨੂੰ ਅੰਗਰੇਜ਼ੀ ਗੁਲਾਮੀ ਵਿਰੁੱਧ ਵਿੱਢੇ ਗਏ ਉਸ ਮਹਾਨ ਸੰਘਰਸ਼ ਅਤੇ ਸਿੰਘਾਂ ਦੀ ਅਟੱਲ ਆਸਥਾ ਦੀ ਯਾਦ ਦਿਵਾਉਂਦਾ ਹੈ।