- 16 ਫਰਵਰੀ, 1892 : ਜਨਮ ਪ੍ਰੋ: ਸਾਹਿਬ ਸਿੰਘ
ਸਲੋਕੁ ਮਃ ੫ ।। {ਅੰਗ ੫੨੨}
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ਅਰਥ: ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, ਤੇ ਸੱਚੀ ਕਮਾਈ ਕੀਤਿਆਂ ਸੁਖ ਮਾਣੀਦਾ ਹੈ; ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ।੧।
ਗੁਰਬਾਣੀ ਟੀਕਾਕਾਰ, ਇਤਿਹਾਸਕਾਰ ਅਤੇ ਮਿਸ਼ਨਰੀ ਲਹਿਰ ਦੇ ਮੋਢੀ : ਪ੍ਰੋ: ਸਾਹਿਬ ਸਿੰਘ
ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ, ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਭਾਈ ਹੀਰਾ ਚੰਦ ਜੀ ਦੇ ਘਰ ਮਾਤਾ ਨਿਹਾਲ ਦੇਵੀ ਦੀ ਕੁੱਖੋਂ 16 ਫਰਵਰੀ 1892 ਨੂੰ ਹੋਇਆ। ਆਪ ਦਾ ਨਾਮ ਨੱਥੂ ਰਾਮ ਰਖਿਆ ਗਿਆ। ਪਿੰਡ ਦੇ ਨੇੜੇ ਵਸੇ ਕਸਬਾ ਫਤਹਿਗੜ੍ਹ ਤੋਂ ਅੱਠਵੀ ਜਮਾਤ ਕੀਤੀ ਤੇ ਅੰਮ੍ਰਿਤ ਛਕ ਕੇ ਉਹ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਿਆ।
1913 ਵਿਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਐਫ. ਏ. ਅਤੇ 1915 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਬੀ. ਏ. ਕੀਤੀ। 1917 ਵਿਚ ਖ਼ਾਲਸਾ ਕਾਲਜ ਗੁਜਰਾਂਵਾਲਾ ਵਿੱਚ ਅਧਿਆਪਕ ਲੱਗ ਗਏ। ਥੋੜਾ ਸਮਾਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਰਹਿਣ ਤੋਂ ਬਾਅਦ 1929 ਵਿੱਚ ਆਪ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਧਰਮ ਦੇ ਲੈਕਚਰਾਰ ਬਣੇ ਅਤੇ ਫਿਰ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਨ੍ਹਾਂ ਨੂੰ ਡੀ. ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਅਤੇ ਯੂਨੀਵਰਸਿਟੀ ਵਿੱਚ ਅਧਿਆਪਨ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ।
ਆਪ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਵਾਲੇ, ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਮਾਹਰ, ਅਤੇ ਸਿੱਖ ਮਿਸ਼ਨਰੀ ਲਹਿਰ ਦੇ ਮੋਢੀਆਂ ਵਿਚੋਂ ਸਨ। ।
ਆਪ ਨੇ 30 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਗੁਰਬਾਣੀ ਵਿਆਕਰਣ ਅਤੇ ਲੇਖਾਂ ਤੇ ਇਤਿਹਾਸ ਦੀਆਂ ਕਿਤਾਬਾਂ ਸ਼ਾਮਲ ਹਨ। ਸਿੱਖ ਧਰਮ, ਗੁਰਬਾਣੀ, ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਉਨ੍ਹਾਂ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਹਨ।