ਪਉੜੀ ॥
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਸੂਹੀ ਅੰਗ ੭੮੭ (787)
ਹੇ ਸੰਸਾਰ ਦੇ ਕਰਤਾ! ਜਗਤ ਵਿਚ ਜੀਵ ਪੈਦਾ ਕਰ ਕੇ ਦੁੱਖ ਤੇ ਸੁਖ ਵੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ । ਦੁੱਖ ਤੇ ਸੁੱਖ ਦਾ ਲੇਖ ਵੀ ਤੂੰ ਉਹਨਾਂ ਦੇ ਕਰਮਾਂ ਅਨੁਸਾਰ ਮਿਲਣਾ ਲਿਖ ਦਿੱਤਾ ।
ਜਿਸ ਮਾਲਕ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਸਾਡੇ ਜੀਵਾਂ ਲਈ ਉਸ ਦੇ ਨਾਮ ਦੇ ਬਰਾਬਰ ਹੋਰ ਕੋਈ ਬਖ਼ਸ਼ਸ਼ ਨਹੀਂ ਹੈ । ‘ਨਾਮ’ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਮਨ ਵਿਚ ਵੱਸਦਾ ਹੈ ।
ਜਿਸ ਮਨੁੱਖ ਉਤੇ ਮਿਹਰ ਕਰ ਕੇ ‘ਨਾਮ’ ਦੇਂਦਾ ਹੈ, ਉਸ ਦੇ ਚੰਗੇ-ਮੰਦੇ ਕਰਮਾਂ ਦਾ ਲੇਖ ਮੁੜ ਨਹੀਂ ਲਿਖਦਾ । ਪਰ, ਉਹੀ ਮਨੁੱਖ ਮਾਲਕ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ।