ਸਲੋਕੁ ॥

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੭੮ (278)

ਸਾਦਗੀ ਤੇ ਗਰੀਬੀ ਸੁਭਾਉ ਵਾਲਾ ਮਨੁੱਖ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸਦਾ ਸੁਖੀ ਵੱਸਦਾ ਹੈ । ਪਰ ਵੱਡੇ-ਵੱਡੇ ਅਹੰਕਾਰੀ ਮਨੁੱਖ, ਆਪਣੇ ਅਹੰਕਾਰ ਵਿਚ ਹੀ ਗਲ ਜਾਂਦੇ ਹਨ ।


15 ਸਤੰਬਰ, 1915 : ਜਨਮ ਕਪਤਾਨ ਕਰਮ ਸਿੰਘ (ਪਰਮਵੀਰ ਚੱਕਰ)

ਕਪਤਾਨ ਕਰਮ ਸਿੰਘ, ਸੰਗਰੂਰ ਜ਼ਿਲ੍ਹੇ ਪਿੰਡ ਸ਼ਹਿਣਾ ਮਲ੍ਹੇ ਵਿਚ ਸ. ਉੱਤਮ ਸਿੰਘ ਦੇ ਘਰ 15 ਸਤੰਬਰ, 1915 ਨੂੰ ਜਨਮਿਆ। ਬਚਪਨ ਤੋਂ ਹੀ ਘੋਲ, ਕਬੱਡੀ ਤੇ ਮੁਦਗਰ ਚੁੱਕਣਾ – ਖੇਤੀ ਨਾਲੋਂ ਵੱਧ ਚੰਗੇ ਲਗਦੇ ਸਨ।

1941 ਵਿਚ ਦੂਜੀ ਸੰਸਾਰ ਜੰਗ ਵੇਲੇ ਕਰਮ ਸਿੰਘ ਫ਼ੌਜ ਵਿਚ ਭਰਤੀ ਹੋ ਕੇ ਸਿੱਖ ਰੈਜਮੈਂਟ ਵਿਚ ਪਹੁੰਚ ਗਿਆ ਤੇ ਸਾਲ ਭਰ ਸਿੱਖਿਆ ਪ੍ਰਾਪਤ ਕਰਨ ਉਪਰੰਤ ਪਹਿਲੀ ਸਿੱਖ ਬਟਾਲੀਅਨ ਵਿਚ ਅਗਸਤ, 1942 ਵਿਚ ਡਿਊਟੀ ਉਤੇ ਹਾਜ਼ਰ ਹੋਇਆ। ਰਾਂਚੀ ਵਿਚ ਯੁੱਧ ਦਾ ਅਭਿਆਸ ਕਰਕੇ, ਇਸ ਦੀ ਪਲਟਨ ਨੂੰ ਸੰਨ 1944 ਵਿਚ ਅਰਾਕਾਨ (ਬਰਮਾ) ਦੇ ਮੋਰਚੇ ‘ਤੇ ਭੇਜ ਦਿੱਤਾ ਗਿਆ।

ਬਰਮਾ ਫਰੰਟ ‘ਤੇ ਜਪਾਨੀਆਂ ਨਾਲ ਬੁਧੀਆਂ ਦਾਂਗ, ਮਨੀਪੁਰ ਤੇ ਤੀਸ਼ਾਬਿਨ ਦੇ ਮੋਰਚਿਆਂ ‘ਤੇ ਬਹਾਦਰੀ ਨਾਲ ਲੜ ਕੇ ਇਸ ਨੇ ਆਪਣੀ ਬਟਾਲੀਅਨ ਦਾ ਨਾਂ ਉੱਚਾ ਕੀਤਾ। ਚਾਰ ਵਾਰ ਇਹ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਪਰ ਹਿੰਮਤ ਨਹੀਂ ਹਾਰਿਆ। ਸਿੱਟੇ ਵਜੋਂ ਇਸ ਨੂੰ ਲਾਂਸ ਨਾਇਕ ਬਣਾ ਦਿੱਤਾ ਗਿਆ।

ਭਾਰਤ ਆਜ਼ਾਦ ਹੁੰਦੇ ਹੀ ਪਾਕਸਤਾਨੀ ਹਮਲਾਵਰਾਂ ਨੇ ਜੰਮੂ-ਕਸ਼ਮੀਰ ਨੂੰ ਹਥਿਆਉਣ ਲਈ ਹੱਲਾ ਬੋਲ ਦਿੱਤਾ। ਆਪਣੀ ਚੌਕੀ ਉਤੇ ਦੁਸ਼ਮਣ ਕਬਾਇਲੀਆਂ ਦੇ ਅੱਠ ਹਮਲਿਆਂ ਨੂੰ ਨਕਾਰਾ ਕੀਤਾ। ਅਜਿਹਾ ਕਰਦਿਆਂ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਆਪਣੇ ਤੋਂ ਦਸ ਗੁਣਾ ਵੱਧ ਦੁਸ਼ਮਣ ਦੇ ਸਿਪਾਹੀਆਂ ਦਾ ਜੋ ਹਾਲ ਕਰਮ ਸਿੰਘ ਅਤੇ ਇਸ ਦੇ ਸਾਥੀਆਂ ਨੇ ਕੀਤਾ, ਉਹ ਬਹਾਦਰੀ ਦਾ ਅਦੁੱਤੀ ਕਾਰਨਾਮਾ ਹੈ।

ਆਪਣੇ ਵਗਦੇ ਲਹੂ ਦੀ ਪਰਵਾਹ ਨਾ ਕਰਦੇ ਹੋਏ, ਕਰਮ ਸਿੰਘ ਨੇ ਆਪਣੇ ਜ਼ਖ਼ਮੀ ਸਾਥੀਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਅਤੇ ਆਪ ਫਿਰ ਮੁਕਾਬਲੇ ਵਿਚ ਜੁੱਟ ਗਏ ਅਤੇ ਦੁਸ਼ਮਣ ਨੂੰ ਪਛਾੜ ਕੇ ਹੀ ਸਾਹ ਲਿਆ।

ਲਾਂਸ ਨਾਇਕ ਕਰਮ ਸਿੰਘ ਦੀ ਇਸ ਅਦੁੱਤੀ ਬਹਾਦਰੀ ਤੇ ਕਰਤਵ ਸੰਪੂਰਨਤਾ ਦੇ ਕਮਾਲ ਨੂੰ ਸਲਾਹੁੰਦੇ ਹੋਏ 1948 ਵਿਚ ‘ਪਰਮਵੀਰ ਚੱਕਰ’ ਨਾਲ ਸਨਮਾਨਿਆ ਗਿਆ। ਕਰਮ ਸਿੰਘ ਬਾਅਦ ਵਿਚ ਤਰੱਕੀ ਕਰਕੇ ਸੂਬੇਦਾਰ ਬਣੇ ਅਤੇ ਫਿਰ ਆਨਰੇਰੀ ਕੈਪਟਨ ਦੇ ਅਹੁਦੇ ਤਕ ਪਹੁੰਚ ਕੇ ਰਿਟਾਇਰ ਹੋਏ।