ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥
ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥ਮਹਲਾ ੩ – ਗੁਰੂ ਅਮਰਦਾਸ ਜੀ
ਸੋਰਠਿ ਰਾਗ ਅੰਗ ੬੩੮ (638)
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ ਰੂਪੀ ਗੁਰੂ ਆਪਣੀ ਸੰਗਤਿ ਵਿਚ ਮਿਲਾ ਕੇ ਗਿਆਨ ਦੇ ਲੜ ਲਾ ਦੇਂਦਾ ਹੈ, ਉਹ ਮਨੁੱਖ ਲੋਹੇ ਤੋਂ ਸੋਨਾ ਬਣ ਜਾਂਦੇ ਹਨ ।
ਆਪਾ-ਭਾਵ ਤਿਆਗਣ ਪਿੱਛੋਂ, ਉਹਨਾਂ ਦੇ ਮਨ ਵਿਚ ਸੱਚਾ ਨਾਮ ਆ ਵੱਸਦਾ ਹੈ, ਕਿਉਂਕਿ ਗੁਰੂ ਉਹਨਾਂ ਦੀ ਸੁਰਤਿ ਨੂੰ ਸੱਚੇ ਗਿਆਨ ਦੀ ਜੋਤਿ ਵਿਚ ਮਿਲਾ ਦੇਂਦਾ ਹੈ ।
15 ਅਕਤੂਬਰ, 1934 : ਜਨਮ ਗਿਆਨੀ ਸੰਤ ਸਿੰਘ ਮਸਕੀਨ
ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ।
ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 15 ਅਕਤੂਬਰ, 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਉਪਰੰਤ ਗੌਰਮਿੰਟ ਹਾਈ ਸਕੂਲ ਵਿਚ ਦਾਖਲ ਹੋ ਗਏ, ਪਰ 1947 ਵਿਚ ਦੇਸ਼ ਦੀ ਵੰਡ ਹੋਣ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਵੰਡ ਤੋਂ ਬਾਅਦ ਗਿਆਨੀ ਜੀ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਵੱਸ ਗਏ।
ਧਾਰਮਿਕ ਰੁਚੀਆਂ ਦੀ ਪ੍ਰਬਲਤਾ ਦੇ ਸਦਕਾ ਗਿਆਨੀ ਜੀ ਨੇ ਕਥਾ ਕਰਨੀ ਆਰੰਭ ਕਰ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ ਨਾਲ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਹਨਾਂ ਦੀ ਕਥਾ ਵਿਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ।
ਮਸਕੀਨ ਜੀ ਨੇ 50 ਸਾਲ ਤਕ ਦੇਸ਼ਾਂ-ਵਿਦੇਸ਼ਾਂ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ। ਉਹਨਾਂ ਆਪਣੀ ਗੱਲ ਨੂੰ ਬਹੁਤ ਹੀ ਸਰਲ ਤੇ ਸਾਦੇ ਸ਼ਬਦਾਂ ਵਿਚ ਅਤੇ ਵੱਖ-ਵੱਖ ਦ੍ਰਿਸ਼ਟਾਂਤ ’ਤੇ ਵਾਰ-ਵਾਰ ਗੱਲ ਕਰਕੇ ਦੱਸਣ ਦੀ ਨਿਵੇਕਲੀ ਸ਼ੈਲੀ ਵਿਕਸਤ ਕੀਤੀ ਹੋਈ ਸੀ।