ਸਲੋਕੁ ॥

ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਸਲੋਕ, ਰਾਗ ਗਉੜੀ  ਅੰਗ ੨੫੮ (258)

ਜੇ ਆਪਣੇ ਮਨ ਨੂੰ ਜਿੱਤ ਲਈਏ, ਵੱਸ ਵਿਚ ਕਰ ਲਈਏ, ਤਾਂ ਵਿਕਾਰਾਂ ਉਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ ਮਾਇਆ ਪਿਛੇ ਭਟਕਣਾ ਮੁੱਕ ਜਾਂਦੀ ਹੈ ।

ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ।


15 ਮਾਰਚ 1716 : ਗੁਰਦਾਸ ਨੰਗਲ ਦੀ ਗੜ੍ਹੀ ਤੋਂ ਗ੍ਰਿਫਤਾਰ ਕੀਤੇ ਬੰਦਾ ਸਿੰਘ ਬਹਾਦਰ ਦੇ ਸਾਥੀ ਕੈਦੀਆ ਦਾ ਕਤਲੇਆਮ ਸ਼ੁਰੂ

ਉਝ ਤਾਂ ਸਾਰਾ ਇਤਿਹਾਸ ਹੀ ਬਹਾਦਰੀ ਦੀ ਦਾਸਤਾਨ ਨਾਲ ਭਰਿਆ ਪਿਆ ਹੈ ਪਰ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜੇ ਕਰਨ ਵਾਲੀ ਹੈ।

ਜਦੋਂ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬੰਦਾ ਸਿੰਘ ਬਹਾਦਰ ਅਤੇ ਉਸਦੀ ਸਿੰਘ, ਮੁਗਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਣ ਰਾਸ਼ਨ ਦੀ ਕਮੀ ਹੋਣ ਲਗੀ। ਸਿੰਘ ਭੁੱਖ ਤੇ ਪਿਆਸ ਨਾਲ ਮਰਨ ਲੱਗੇ।

ਆਖਿਰ ਬੰਦਾ ਸਿੰਘ ਬਹਾਦਰ ਨੂੰ 800 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ 15 ਮਾਰਚ 1716 ਨੂੰ ਸਿੱਖ ਕੈਦੀਆ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖ ਨੂੰ ਰੋਜ ਕਤਲ ਕੀਤਾ ਜਾਂਦਾ ਰਿਹਾ।

ਸਿੱਖ ਅਜਿਤ ਭਾਵਨਾ ਨਾਲ ਮੌਤ ਨੂੰ ਜੀ ਆਇਆ ਕਹਿੰਦੇ, ਖਿੜੇ ਚਿਹਰੇ ਨਾਲ ਸੀਸ ਭੇਂਟ ਕਰਦੇ।