ਸਲੋਕੁ ॥
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ਮਹਲਾ ੫ : ਗੁਰੂ ਅਰਜਨ ਸਾਹਿਬ ਜੀ
ਸਲੋਕ, ਰਾਗ ਗਉੜੀ ਅੰਗ ੨੫੮
ਜੇ ਆਪਣੇ ਮਨ ਨੂੰ ਜਿੱਤ ਲਈਏ, ਵੱਸ ਵਿਚ ਕਰ ਲਈਏ ਤਾਂ ਵਿਕਾਰਾਂ ਉਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ ਮਾਇਆ ਪਿੱਛੇ ਭਟਕਣਾ ਮੁੱਕ ਜਾਂਦੀ ਹੈ ।
ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ !
15 ਮਾਰਚ 1716:- ਗੁਰਦਾਸ ਨਗਰ ਦੀ ਗੜੀ ਤੋਂ ਗ੍ਰਿਫਤਾਰ ਕੀਤੇ ਬੰਦਾ ਸਿੰਘ ਬਹਾਦਰ ਦੇ ਸਾਥੀ ਕੈਦੀਆਂ ਦਾ ਕਤਲੇਆਮ ਸ਼ੁਰੂ ।
ਗੁਰਦਾਸ ਨੰਗਲ ਦੀ ਗੜ੍ਹੀ ਤੋਂ ਲਿਆਂਦੇ ਗਏ ਸਿੰਘਾਂ ਨੂੰ ਦਿੱਲੀ ਵਿੱਚ ਹਰ ਰੋਜ਼ ਸੌ-ਸੌ ਦੀ ਗਿਣਤੀ ਵਿੱਚ ਜਲਾਦਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ। ਮੁਗਲ ਬਾਦਸ਼ਾਹ ਫ਼ਰੁਖ਼ਸੀਅਰ ਦਾ ਹੁਕਮ ਸੀ ਕਿ ਜੋ ਇਸਲਾਮ ਕਬੂਲ ਕਰੇਗਾ, ਉਸ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਪਰ ਇਤਿਹਾਸ ਗਵਾਹ ਹੈ ਕਿ ੭੪੦ ਵਿੱਚੋਂ ਇੱਕ ਵੀ ਸਿੱਖ ਆਪਣੇ ਧਰਮ ਤੋਂ ਨਹੀਂ ਡੋਲਿਆ।
ਉਸ ਵੇਲੇ ਦਿੱਲੀ ਵਿੱਚ ਮੌਜੂਦ ਈਸਟ ਇੰਡੀਆ ਕੰਪਨੀ ਦੇ ਪ੍ਰਤੀਨਿਧ ਜੌਨ ਸਰਮਨ ਨੇ ਇਸ ਮੰਜ਼ਰ ਨੂੰ ਆਪਣੀ ਅੱਖੀਂ ਦੇਖਿਆ ਅਤੇ ਇੰਗਲੈਂਡ ਚਿੱਠੀ ਲਿਖੀ:
“ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇਹ ਲੋਕ (ਸਿੱਖ) ਮੌਤ ਤੋਂ ਬਿਲਕੁਲ ਨਹੀਂ ਡਰਦੇ। ਜਦੋਂ ਜਲਾਦ ਉਨ੍ਹਾਂ ਦਾ ਸਿਰ ਵੱਢਣ ਲਈ ਅੱਗੇ ਵਧਦਾ ਹੈ, ਤਾਂ ਉਹ ਇੱਕ-ਦੂਜੇ ਤੋਂ ਪਹਿਲਾਂ ਸ਼ਹੀਦ ਹੋਣ ਲਈ ਮੁਕਾਬਲਾ ਕਰਦੇ ਹਨ। ਉਹ ਆਪਣੇ ਜਲਾਦਾਂ ਨੂੰ ‘ਮੁਕਤੀਦਾਤਾ’ ਕਹਿ ਰਹੇ ਹਨ।”
ਇਸੇ ਕਤਲੇਆਮ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹਿਲਾ ਦਿੱਤਾ। ਇੱਕ ਨੌਜਵਾਨ ਸਿੱਖ ਦੀ ਮਾਂ ਨੇ ਬਾਦਸ਼ਾਹ ਕੋਲੋਂ ਰਹਿਮ ਦੀ ਅਪੀਲ ਕੀਤੀ ਕਿ ਉਸ ਦਾ ਪੁੱਤਰ ਸਿੱਖ ਨਹੀਂ ਹੈ, ਉਸ ਨੂੰ ਧੋਖੇ ਨਾਲ ਫੜਿਆ ਗਿਆ ਹੈ। ਜਦੋਂ ਬਾਦਸ਼ਾਹ ਨੇ ਉਸ ਦੀ ਰਿਹਾਈ ਦਾ ਹੁਕਮ ਦਿੱਤਾ, ਤਾਂ ਉਸ ਨੌਜਵਾਨ ਨੇ ਅਦਾਲਤ ਵਿੱਚ ਗਰਜ ਕੇ ਕਿਹਾ:
“ਮੇਰੀ ਮਾਂ ਝੂਠ ਬੋਲ ਰਹੀ ਹੈ। ਮੈਂ ਦਿਲੋਂ-ਮਨੋਂ ਗੁਰੂ ਦਾ ਸਿੱਖ ਹਾਂ। ਮੈਨੂੰ ਮੇਰੇ ਵੀਰਾਂ ਤੋਂ ਵੱਖ ਨਾ ਕਰੋ, ਮੈਨੂੰ ਵੀ ਸ਼ਹਾਦਤ ਦਾ ਜਾਮ ਪੀਣ ਦਿਓ।”
ਉਸ ਨੌਜਵਾਨ ਨੇ ਮੁਫ਼ਤ ਦੀ ਜ਼ਿੰਦਗੀ ਠੁਕਰਾ ਕੇ ਸ਼ਹਾਦਤ ਨੂੰ ਚੁਣਿਆ।
ਜਦੋਂ ਸਿੰਘਾਂ ਦਾ ਕਤਲੇਆਮ ਚੱਲ ਰਿਹਾ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਰੱਖ ਕੇ ਇਹ ਸਭ ਕੁਝ ਦਿਖਾਇਆ ਜਾ ਰਿਹਾ ਸੀ ਤਾਂ ਜੋ ਉਨ੍ਹਾਂ ਦਾ ਹੌਸਲਾ ਤੋੜਿਆ ਜਾ ਸਕੇ। ਪਰ ਬਾਬਾ ਜੀ ਅਡੋਲ ਰਹੇ ਅਤੇ ਅਕਾਲ ਪੁਰਖ ਦੇ ਭਾਣੇ ਵਿੱਚ ਮਗਨ ਰਹੇ।