ਸਲੋਕ ਮਃ ੩ ॥
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥
ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥
ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥
ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਬਿਹਾਗੜਾ ਅੰਗ ੫੫੧ (551)
ਸਾਰੇ ਕਰਮ-ਕਾਂਡ, ਸਾਰੇ ਕਰਮ-ਧਰਮ, ਕੇਵਲ ਬੰਧਨ ਰੂਪ ਹੀ ਹਨ । ਚੰਗੇ ਜਾਂ ਮੰਦੇ ਕੰਮ ਵੀ ਸੰਸਾਰ ਨਾਲ ਜੋੜੀ ਰੱਖਣ ਦਾ ਵਸੀਲਾ ਹਨ ਭਾਵ, ਕਰਮ-ਕਾਂਡ ਜਾਂ ਪਾਪ-ਪੁੰਨ ਕੀਤਿਆਂ ਆਤਮਿਕ ਜਨਮ-ਮਰਨ ਦੇ ਗੇੜ ਤੋਂ ਗਤਿ, ਭਾਵ ਵਿਕਾਰਾਂ ਤੋਂ ਮੁਕਤੀ ਨਹੀਂ ਹੋ ਸਕਦੀ ।
ਮਮਤਾ ਤੇ ਮੋਹ ਵੀ ਬੰਧਨ-ਰੂਪ ਹੈ, ਪੁੱਤ੍ਰ ਤੇ ਇਸਤ੍ਰੀ ਇਹਨਾਂ ਦਾ ਮੋਹ ਵੀ ਕਸ਼ਟ ਦਾ ਕਾਰਨ ਹੈ । ਜਿੱਧਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ ਰੂਪ ਜ਼ੰਜੀਰਾਂ ਦਾ ਬੰਧਨ ਹੈ ।
ਸੱਚੇ ਨਾਮ ਤੋਂ ਬਿਨਾ ਅੰਨ੍ਹਾ ਮਨੁੱਖ ਮਾਇਆ ਦੀ ਵਰਤੋਂ ਵਿੱਚ ਹੀ ਉਲਝਿਆ ਰਹਿੰਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਬੇਲੋੜੇ ਸੰਸਾਰਕ ਉਲਝਣਾਂ ਵਿਚ ਖੱਚਤ ਰਹਿ ਕੇ ਜੀਵਨ ਗਵਾਉਣ ਨਾਲੋਂ, ਸੱਚੇ ਨਾਮ ਵਿਚ ਜੀਵਨ ਬਤੀਤ ਕਰਨ ਨਾਲ ਜੀਵਨ ਸਫਲਾ ਕਰਨਾ ਚਾਹੀਦਾ ਹੈ।
15 ਜੁਲਾਈ, 1775 – ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਹਮਲਾ, ਪਹਾੜਗੰਜ ਅਤੇ ਜੈ-ਸਿੰਘਪੁਰਾ ਨੂੰ ਜਿੱਤਿਆ
ਇਤਿਹਾਸ ਗਵਾਹ ਹੈ ਕਿ 11 ਮਾਰਚ, 1783 ਨੂੰ ‘ਦਿੱਲੀ ਫ਼ਤਹਿ’ ਕੋਈ ਇਕ ਦਿਨ ਦੀ ਕਰਾਮਾਤ ਨਹੀਂ ਸੀ। ਇਸ ਪਿੱਛੇ ਕਈ ਸਦੀਆਂ ਦਾ ਸਿੱਖ ਸਿਦਕ ਅਤੇ ਅਣਥੱਕ ਘਾਲਣਾ ਸੀ।
1764 ਤੋਂ ਬਾਅਦ, 1783 ਵਿਚ ਮੁਗਲ ਸਲਤਨਤ ਦੇ ਕੇਂਦਰ ਲਾਲ ਕਿਲ੍ਹੇ ‘ਤੇ ਖਾਲਸਾਈ ਨਿਸ਼ਾਨ ਝੁਲਾਉਣ ਤੱਕ, ਸਿੱਖਾਂ ਨੇ ਦਿੱਲੀ ‘ਤੇ ਕਈ ਹਮਲੇ ਕੀਤੇ। ਸਿੱਖਾਂ ਵਲੋਂ ਦਿੱਲੀ ਦੀ ਫ਼ਤਹਿ ਉਨ੍ਹਾਂ ਦੇ ਜਜ਼ਬੇ ਦਾ ਸਬੂਤ ਸੀ।
ਦਿੱਲੀ ‘ਤੇ ਦੂਸਰਾ ਸਿੱਧਾ ਹਮਲਾ ਜੁਲਾਈ, 1775 ਵਿਚ ਕੀਤਾ ਗਿਆ। ਕਈ ਮਿਸਲਾਂ ਦੀ ਪੰਜਾਹ-ਹਜ਼ਾਰ ਦੀ ਸਾਂਝੀ ਫ਼ੌਜ ਨੇ ਕੁੰਜਪੁਰਾ ਨੇੜਿਉਂ ਜਮਨਾ ਨਦੀ ਪਾਰ ਕਰਕੇ ਦਿੱਲੀ ਵੱਲ ਕੂਚ ਕੀਤਾ। 15 ਜੁਲਾਈ, 1775 ਨੂੰ ਦਿੱਲੀ ਦੇ ਪਹਾੜਗੰਜ ਅਤੇ ਜੈ-ਸਿੰਘਪੁਰਾ ਨੂੰ ਜਿੱਤਿਆ।
ਇਸ ਵਾਰ ਵੀ ਸਿੱਖ ਫ਼ੌਜ ਹਾਲਾਤ ਨੂੰ ਧਿਆਨ ਵਿਚ ਰੱਖਦੀ ਹੋਈ 25 ਜੁਲਾਈ, 1775 ਨੂੰ ਵਾਪਸ ਪਰਤ ਆਈ।
15 ਜੁਲਾਈ, 1948 – ਪੰਜਾਬ ਦੀ ਅੱਠ ਰਿਆਸਤਾਂ ਜੋੜ ਕੇ ਪੈਪਸੂ ਰਾਜ ਬਣਿਆ
15 ਜੁਲਾਈ, 1948 – ਪੰਜਾਬ ਵਿੱਚ ਅੱਠ ਆਜ਼ਾਦ ਰਿਆਸਤਾਂ ਨੂੰ ਇਕੱਠਿਆਂ ਕਰ ਕੇ ਪੈਪਸੂ ਪ੍ਰਦੇਸ਼ (ਰਾਜ) ਬਣਾਇਆ ਗਿਆ।
ਪੈਪਸੂ ਪ੍ਰਦੇਸ਼ ਤੋਂ ਭਾਵ ਹੈ ‘ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ’ (PEPSU) । ਇਸ ਵਿਚ ਪੂਰਬੀ ਪੰਜਾਬ ਦੀਆਂ ਅੱਠ ਰਿਆਸਤਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਰਿਆਸਤਾਂ ਦੇ ਨਾਂ ਇਸ ਪ੍ਰਕਾਰ ਹਨ — ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫ਼ਰੀਦਕੋਟ, ਕਲਸੀਆ, ਮਲੇਰਕੋਟਲਾ ਅਤੇ ਨਾਲਾਗੜ੍ਹ।
ਇਨ੍ਹਾਂ ਵਿਚੋਂ ਪਹਿਲੀਆਂ ਛੇ ਸਿੱਖ ਰਿਆਸਤਾਂ 18ਵੀਂ ਸਦੀ ਵਿਚ ਹੋਂਦ ਵਿਚ ਆਈਆਂ, ਜਦ ਕਿ ਮਲੇਰਕੋਟਲਾ ਰਿਆਸਤ 15ਵੀਂ ਸਦੀ ਵਿਚ ਸ਼ੇਰਵਾਨੀ ਅਫ਼ਗ਼ਾਨਾਂ ਦੁਆਰਾ ਸਥਾਪਿਤ ਕੀਤੀ ਗਈ ਸੀ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣੀ ਰਿਆਸਤ ਹੈ ਨਾਲਾਗੜ੍ਹ ਜੋ ਬਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਕਾਇਮ ਹੋਈ ਸੀ।
ਇਸ ਨੂੰ ਅੱਠ ਜ਼ਿਲ੍ਹਿਆਂ ਵਿਚ ਵੰਡਿਆ ਗਿਆ — ਪਟਿਆਲਾ, ਬਰਨਾਲਾ, ਬਠਿੰਡਾ, ਫਤਹਿਗੜ੍ਹ ਸਾਹਿਬ, ਸੰਗਰੂਰ, ਕਪੂਰਥਲਾ, ਮੁਹਿੰਦਰਗੜ੍ਹ ਅਤੇ ਕੋਹਿਸਤਾਨ।
ਇਸ ਯੂਨੀਅਨ ਨੂੰ ਬਣਾਉਣ ਦਾ ਉਦੇਸ਼ ਇਹ ਸੀ ਕਿ ਇਨ੍ਹਾਂ ਰਿਆਸਤਾਂ ਨੂੰ ਵੱਡੇ ਖੇਤਰ ਦਾ ਰੂਪ ਦੇ ਕੇ ਇਸ ਦੀ ਪ੍ਰਬੰਧਕੀ ਵਿਵਸਥਾ ਨੂੰ ਉਪਯੁਕਤ ਬਣਾਇਆ ਜਾ ਸਕੇ। ਇਸ ਯੂਨੀਅਨ ਦਾ ਉਦਘਾਟਨ 15 ਜੁਲਾਈ, 1948 ਨੂੰ ਕੀਤਾ ਗਿਆ ਅਤੇ 20 ਅਗਸਤ, 1948 ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨੇ ਰਾਜ ਪ੍ਰਮੁਖ ਦਾ ਕਾਰਜ-ਭਾਰ ਸੰਭਾਲਿਆ। ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੂੰ ਉਪ-ਰਾਜ ਪ੍ਰਮੁਖ ਦੀ ਪਦਵੀ ਦਿੱਤੀ ਗਈ।