15 ਜਨਵਰੀ

15 ਜਨਵਰੀ, 1767: ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਨਾਲ ਦੋਸਤੀ ਕਾਇਮ ਕਰਨ ਤੋਂ ਨਾਂਹ ਕੀਤੀ

ਦਸੰਬਰ 1766 ਵਿਚ ਅਹਿਮਦ ਸ਼ਾਹ ਦੁੱਰਾਨੀ ਨੇ 8ਵੀਂ ਵਾਰ ਪੰਜਾਬ ‘ਤੇ ਹਮਲਾ ਕੀਤਾ।ਉਹ 22 ਦਸੰਬਰ ਦੇ ਦਿਨ ਲਾਹੌਰ ਪੁੱਜਾ। ਸਿੱਖਾਂ ਨੇ ਉਸ ਨਾਲ ਟੱਕਰ ਲੈ ਕੇ ਨੁਕਸਾਨ ਕਰਵਾਉਣ ਦੀ ਬਜਾਇ ਲਾਹੌਰ ਛੱਡ ਜਾਣ ਦਾ ਫ਼ੈਸਲਾ ਕੀਤਾ। ਸੋਭਾ ਸਿੰਘ, ਲਹਿਣਾ ਸਿੰਘ ਤੇ ਗੁਜਰ ਸਿੰਘ ਭੰਗੀ ਲਾਹੌਰ ਤੋਂ ਚਲੇ ਗਏ। ਉਹ ਜਾਣਦੇ ਸੀ ਕਿ ਅਹਿਮਦ ਸ਼ਾਹ ਬਹੁਤੀ ਦੇਰ ਉਥੇ ਨਹੀਂ ਰਹੇਗਾ ਇਸ ਕਰ ਕੇ ਉਸ ਨਾਲ ਬੇਵਜਹ ਟਕਰਾਅ ਕਰ ਕੇ ਤਾਕਤ ਗੁਆਉਣੀ ਠੀਕ ਨਹੀਂ ਸੀ ਚਾਹੁੰਦੇ।

ਅਹਿਮਦ ਸ਼ਾਹ ਕੁਝ ਦਿਨ ਲਾਹੌਰ ਰਿਹਾ ਅਤੇ ਉਸ ਨੇ ਸ਼ਹਿਰ ਦੇ ਲੋਕਾਂ ਤੋਂ ਸਿੱਖ ਹਾਕਮਾਂ ਦੇ ਮੁਸਲਮਾਨਾਂ ਤੇ ਹੋਰ ਸ਼ਹਿਰੀਆਂ ਨਾਲ ਸਲੂਕ ਬਾਰੇ ਪੁੱਛ ਪੜਤਾਲ ਕੀਤੀ ਤਾਂ ਤਕਰੀਬਨ ਹਰ ਇਕ ਨੇ ਸਿੱਖਾਂ ਦੀ ਰੱਜਵੀ ਤਾਰੀਫ਼ ਕੀਤੀ। ਲੋਕਾਂ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਈਦ ਦਾ ਤਿਉਹਾਰ ਸੀ ਉਸ ਦਿਨ ਸਿੱਖ ਹਾਕਮਾਂ ਨੇ ਮੁਸਲਮਾਨ ਕਾਜ਼ੀਆਂ, ਮੁਫ਼ਤੀਆਂ ਤੇ ਈਮਾਮਾਂ ਨੂੰ ਪੱਗਾਂ ਬਖ਼ਸ਼ਿਸ਼ ਕੀਤੀਆਂ ਸਨ।

ਇਹ ਸੁਣ ਕੇ ਉਸ ਨੇ ਲਹਿਣਾ ਸਿੰਘ ਭੰਗੀ ਨੂੰ ਲਾਹੌਰ ਦਾ ਸੂਬੇਦਾਰ ਮੰਨ ਲੈਣ ਦੀ ਪੇਸ਼ਕਸ਼ ਕੀਤੀ। ਉਸ ਨੇ ਇਕ ਏਲਚੀ ਰਾਹੀਂ ਸੂਬੇਦਾਰੀ ਦਾ ਖ਼ਤ ਅਤੇ ਕੁਝ ਬਾਦਾਮ ਵੀ ਭੇਜੇ। ਲਹਿਣਾ ਸਿੰਘ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਅਹਿਮਦ ਸ਼ਾਹ ਦੇ ਭੇਜੇ ਬਦਾਮ ਵਾਪਿਸ ਕਰ ਦਿੱਤੇ ਤੇ ਕਿਹਾ ਕਿ ਸਾਡੀ ਖ਼ੁਰਾਕ ਬਦਾਮ ਨਹੀਂ ਬਲਕਿ ਭੁੱਜੇ ਹੋਏ ਛੋਲੇ ਹਨ ਅਤੇ ਹਕੂਮਤ ਕਿਸੇ ਤੋਂ ਖ਼ੈਰਾਤ ਵਿਚ ਨਹੀਂ ਲਈ ਜਾਂਦੀ। ਖ਼ੈਰ, ਬੇਇਜ਼ਤੀ ਕਰਵਾਉਣ ਦੇ ਬਾਵਜੂਦ ਇਸ ਵਾਰ ਅਹਿਮਦ ਸ਼ਾਹ ਨੇ ਸਿੱਖਾਂ ਨਾਲ ਟੱਕਰ ਨਾ ਲਈ।

15 ਜਨਵਰੀ 1767 ਨੂੰ ਅਹਿਮਦ ਸ਼ਾਹ ਨੇ ਨੂਰ-ਉਦ-ਦੀਨ ਦੀ ਸਰਾਂ ਤੋਂ ਜੱਸਾ ਸਿੰਘ ਆਹਲੂਵਾਲੀਆ, ਝੰਡਾ ਸਿੰਘ ਭੰਗੀ ਤੇ ਖ਼ੁਸ਼ਹਾਲ ਸਿੰਘ ਨੂੰ ਵੀ ਦੋਸਤੀ ਦਾ ਪੈਗ਼ਾਮ ਭੇਜਿਆ। ਪਰ ਉਸ ਨੇ ਵੀ ਦੁੱਰਾਨੀ ਦੀ ਗੁਲਾਮੀ ਕਬੂਲਣੋਂ ਨਾਂਹ ਕਰ ਦਿਤੀ।


15 ਜਨਵਰੀ, 1872: ਕੂਕਿਆਂ ਦਾ ਮਲੇਰਕੋਟਲਾ ਤੇ ਹਮਲਾ, 7 ਕੂਕੇ ਮਰੇ

ਜਨਵਰੀ 1872 ਵਿਚ ਕੂਕਾ ਆਗੂ ਰਾਮ ਸਿੰਘ ਨੇ ਕੂਕਿਆਂ ਨੂੰ ਪਹਿਲੀ ਮਾਘੀ, 13 ਜਨਵਰੀ ਦੇ ਦਿਨ ਭੈਣੀ ਸੱਦ ਕੇ ਇਕੱਠ ਕੀਤਾ। ਇਸ ਪੰਜ-ਸੱਤ ਸੌ ਕੂਕਿਆਂ ਦੇ ਇਕੱਠ ਵਿਚ ਗੁਰਬਾਣੀ ਕੀਰਤਨ ਤੋਂ ਸਿਵਾ ਕੁਝ ਹੋਰ ਹੋਇਆ; ਕੋਈ ਸਿਆਸੀ ਗੱਲ ਬਿਲਕੁਲ ਨਹੀਂ ਹੋਈ। ਸਾਰਾ ਸਮਾਗਮ ਲੰਗਰ ਵਰਤਾਉਣ ਤਕ ਅਮਲ-ਅਮਾਨ ਨਾਲ ਚਲਦਾ ਰਿਹਾ ਤੇ ਸ਼ਾਮ ਤੋਂ ਪਹਿਲਾਂ ਲੋਕ ਘਰਾਂ ਨੂੰ ਮੁੜਨ ਲਗ ਪਏ।

ਮੁੜਦੇ ਟੋਲਿਆਂ ਵਿਚੋਂ ਇਕ ਟੋਲੇ ਨੇ ਮਲੇਰਕੋਟਲੇ ਦੇ ਬੁੱਚੜਾਂ ਨੂੰ ਮਾਰਨ ਦੀ ਪਲਾਨ ਬਣਾਈ। ਰਸਤੇ ਵਿਚ ਉਹ ਮਲੌਦ ਰੁਕੇ ਤੇ ਉੱਥੋਂ ਹਥਿਆਰ ਚੋਰੀ ਕੀਤੇ। ਇਸ ਮਗਰੋਂ ਉਨ੍ਹਾਂ ਨੇ 15 ਜਨਵਰੀ ਨੂੰ ਮਲੇਰਕੋਟਲਾ ਦੇ ਖ਼ਜ਼ਾਨੇ ’ਤੇ ਹਮਲਾ ਕੀਤਾ। ਇਸ ਮੌਕੇ ’ਤੇ ਉੱਥੇ ਤਾਈਨਾਤ ਅਮਲੇ ਨੇ ਉਨ੍ਹਾਂ ਦਾ ਟਾਕਰਾ ਕੀਤਾ। ਇਸ ਲੜਾਈ ਵਿਚ ਪੁਲੀਸ ਅਤੇ ਕੂਕਿਆਂ ਦੋਹਾਂ ਦੇ ਕਾਫ਼ੀ ਬੰਦੇ (7 ਕੂਕਿਆਂ ਸਣੇ) ਮਾਰੇ ਗਏ।

ਰਾਮ ਸਿੰਘ ਆਪ ਇਹੋ ਜਿਹੀਆਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਦੇ ਖ਼ਿਲਾਫ਼ ਸੀ। ਉਸ ਨੇ ਤਾਂ ਅੰਗਰੇਜ਼ੀ ਪੁਲੀਸ ਨੂੰ ਵੀ ਇਸ ਦੀ ਇਤਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਇਹੋ ਜਿਹੇ ਚੇਲੇ ਉਸ ਦੇ ਆਖੇ ਵਿਚ ਨਹੀਂ ਹਨ। ਰਾਮ ਸਿੰਘ ਗਾਂ ਦੀ ਪੂਜਾ ਜਾਂ ਸਮਾਧਾਂ ਢਾਹੁਣ ਦਾ ਹਿਮਾਇਤੀ ਵੀ ਨਹੀਂ ਸੀ। 1920 ਤੋਂ ਮਗਰੋਂ ਕੂਕੇ ਆਪਣੇ ਆਪ ਨੂੰ ‘ਨਾਮਧਾਰੀ’ ਲਿਖਣ ਲਗ ਪਏ ਸਨ।