ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥ਭੱਟ ਕੀਰਤਿ ਜੀ
ਸਵਈਏ ਅੰਗ ੧੪੦੬ (1406)
ਅਸੀ ਅਉਗਣਾਂ ਨਾਲ ਭਰੇ ਹੋਏ ਹਾਂ, ਸਾਡੇ ਵਿਚ ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ-ਨਾਮ ਨੂੰ ਛੱਡ ਕੇ ਅਸਾਂ ਨਿਰੀ ਜ਼ਹਿਰ(ਬਿਖ) ਹੀ ਖਾਧੀ ਹੈ ।
ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀ ਸਹੀ ਜੀਵਨ-ਰਾਹ ਤੋਂ ਭੁੱਲੇ ਹੋਏ ਹਾਂ, ਤੇ ਆਪਣੇ ਪਰਿਵਾਰ ਨਾਲ ਅਸਾਂ ਮੋਹ-ਪਿਆਰ ਪਾਇਆ ਹੋਇਆ ਹੈ ।
ਹੁਣ! ਅਸਾਂ ਸਤਿਗੁਰੂ ਦੀ ਸੰਗਤਿ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲੈਣਾ ਹੈ। ਕੀਰਤ ਭੱਟ ਦੀ ਹੁਣ ਇਕ ਬੇਨਤੀ ਹੈ ਕਿ – ‘ਹੇ ਗੁਰੂ ਰਾਮਦਾਸ ਜੀ! ਸਾਨੂੰ ਆਪਣੀ ਸ਼ਰਨ ਵਿਚ ਰੱਖੋ ।’
15 ਅਪ੍ਰੈਲ, 1634 : ਭੱਟ ਕੀਰਤ ਜੀ ਦੀ ਸ਼ਹਾਦਤ
ਭੱਟ ਕੀਰਤ ਜੀ ਜਿੱਥੇ ਇੱਕ ਮਹਾਨ ਕਵੀ ਹੋਣ ਦੀ ਪ੍ਰਤਿਭਾ ਦੇ ਮਾਲਕ ਸਨ ਉਥੇ ਉਹ ਇਕ ਮਹਾਨ ਯੋਧੇ ਵੀ ਸਨ। ਆਪ ਜੀ ਦੀ ਕਾਵਿ ਰਚਨਾ ਨੂੰ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਦਰਜਾ ਦਿੱਤਾ, ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਭੱਟ ਕੀਰਤ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਸੀ।
ਭੱਟ ਕੀਰਤ ਜੀ ਗੁਰੂ ਰਾਮਦਾਸ ਅਤੇ ਗੁਰੂ ਅਰਜੁਨ ਦੇਵ ਜੀ ਦੇ ਦਰਬਾਰਾਂ ਵਿੱਚ ਬਤੌਰ ਕਵੀ ਦੇ ਸ਼ਾਮਲ ਰਹਿੰਦੇ ਸਨ, ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਇੱਕ ਨਾਮੀ ਫੌਜਦਾਰ ਦੇ ਤੌਰ ਤੇ ਵੀ ਭੂਮਿਕਾ ਨਿਭਾਈ।
15 ਅਪ੍ਰੈਲ, 1634 ਵਾਲੇ ਦਿਨ ਭੱਟ ਕੀਰਤ ਜੀ ਦੀ ਸ਼ਹਾਦਤ ਅੰਮ੍ਰਿਤਸਰ ਵਿਖੇ, ਤੁਰਕਾਂ ਦੇ ਫੌਜਦਾਰ ਮੁਖਲਸ ਖਾਨ ਗੋਰਖਪੁਰੀ ਦੀ ਦੇ ਨਾਲ ਲੜਦਿਆਂ ਹੋਇਆਂ ਜੂਝ ਕੇ ਹੋਈ ।
ਭੱਟ ਕੀਰਤ ਜੀ ਦੀ ਬਾਣੀ
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1395 ਤੋਂ 1405 ਤੱਕ ਆਪ ਜੀ ਦੇ ਲਿਖੇ ਅੱਠ ਸਵਈਏ ਸ਼ਾਮਿਲ ਹਨ। ਇਹਨਾਂ ਵਿਚੋਂ ਚਾਰ ਸਵਈਏ ਗੁਰੂ ਅਮਰਦਾਸ ਜੀ ਦੀ ਅਤੇ ਚਾਰ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਲਿਖੇ ਗਏ ਹਨ।
ਅੱਜ ਵੀ ਭੱਟ ਕੀਰਤ ਦੇ ਮੁਬਾਰਕ ਸਵਈਏ “ਇੱਕ ਅਰਦਾਸਿ ਭਾਟੁ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ” ਦੇ ਗਾਇਣ ਦੇ ਨਾਲ ਹੀ ਹਰਿਮੰਦਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ ਜਾਂਦਾ ਹੈ।