ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥
ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਸਿਰੀ ਰਾਗ ਅੰਗ ੫੧ (51)
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਸਦਾ ਵੱਸਦਾ ਹੈ, ਉਸ ਨੂੰ ਕੋਈ ਦੁੱਖ ਜਾਂ ਕਲੇਸ਼ ਦਾ ਕੋਈ ਡਰ ਨਹੀਂ ਪੈ ਸਕਦਾ ।
ਕਰੋੜਾਂ ਹੀ ਲੋਕ ਜਤਨ ਕਰਦੇ ਹੋਏ ਥੱਕ ਜਾਂਦੇ ਹਨ, ਪਰ ਗੁਰੂ ਦੇ ਗਿਆਨ ਦੀ ਸਰਨ ਤੋਂ ਬਿਨਾਂ ਬੇਲੋੜੇ ਦੁੱਖਾਂ-ਕਲੇਸ਼ਾਂ ਤੋਂ ਕੋਈ ਵੀ ਪਾਰ ਨਹੀਂ ਲੰਘ ਸਕਦਾ, ਭਾਵ ਬੱਚ ਨਹੀਂ ਸਕਦਾ ।
14 ਸਤੰਬਰ, 1923 : ਜੈਤੋ ਦੇ ਮੋਰਚੇ ਦੌਰਾਨ ਅੰਗਰੇਜ਼ੀ ਸਿਪਾਹੀ ਗੰਗਸਰ ਗੁਰਦੁਆਰੇ ਅੰਦਰ ਦਾਖਲ
ਜੈਤੋ ਦਾ ਮੋਰਚਾ 8 ਜੂਨ, 1923 ਨੂੰ ਓਦੋਂ ਆਰੰਭ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ।
ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਹੋਈ ਅਤੇ ਇਸਨੂੰ ਵੱਡੀ ਬਗਾਵਤ ਵਜੋਂ ਲਿਆ।
14 ਸਤੰਬਰ, 1923 ਵਾਲੇ ਦਿਨ, ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ-ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਅਖੰਡ ਪਾਠ ਨੂੰ ਬੰਦ ਕਰਵਾ ਦਿੱਤਾ ਗਿਆ।