ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥
ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥<br/

 ਮਹਲਾ ੩ – ਗੁਰੂ ਅਮਰਦਾਸ ਜੀ
 ਸੋਰਠਿ ਰਾਗ  ਅੰਗ ੬੩੮ (638)

ਬਖਸ਼ਣਹਾਰ ਮਾਲਕ ਸਤਿਗੁਰੂ ਨੇ ਅਨੇਕਾ-ਅਨੇਕ ਹੀ ਅਪਰਾਧੀਆਂ ਨੂੰ ਸੱਚੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਵਿਚਾਰ ਵਿਚ ਜੋੜ ਕੇ ਬਖ਼ਸ਼ ਲਿਆ ਹੈ ।

ਸ਼ਬਦ-ਗੁਰੂ ਦੇ ਗਿਆਨ ਰੂਪੀ ਜਹਾਜ਼ ਵਿਚ ਚਾੜ੍ਹ ਕੇ ਸਤਿਗੁਰੂ ਨੇ ਅਨੇਕਾਂ ਹੀ ਜੀਵਾਂ ਨੂੰ ਅਗਿਆਨਤਾ ਦੇ ਸਮੁੰਦਰ ਤੋਂ ਪਾਰ ਲੰਘਾਇਆ ਹੈ ।

ਭਾਵ : ਗੁਰਬਾਣੀ ਦੇ ਗਿਆਨ ਰਾਂਹੀ ਅਗਿਆਨਤਾ ਤੋਂ ਪਾਰ ਪਾ ਲੈਣਾ ਹੀ ਸਿੱਖੀ ਦਾ ਮੁੱਖ ਟੀਚਾ ਹੈ ।


14 ਅਕਤੂਬਰ, 1745 : ਖ਼ਾਲਸਾ ਪੰਥ ਦੇ 25 ਜਥੇ ਬਣਾ ਕੇ ਜਥੇਦਾਰ ਨਿਯੁਕਤ ਕੀਤੇ ਗਏ

ਨਵਾਬ ਕਪੂਰ ਸਿੰਘ ਨੇ 14 ਅਕਤੂਬਰ, 1745 ਨੂੰ ਖ਼ਾਲਸਾ ਪੰਥ ਦੇ 25 ਜਥੇ ਅਤੇ ਉਹਨਾਂ ਜਥਿਆਂ ਦੇ ਜਥੇਦਾਰ ਨਿਯਤ ਕੀਤੇ । ਇਹ ਜਥੇ ‘ਮਿਸਲਾਂ’ ਦੇ ਰੂਪ ਵਿਚ ਸੰਗਠਿਤ ਕੀਤੇ ਗਏ ਜੋ ਕਿ ਆਪੋ-ਆਪਣੇ ਖ਼ੇਤਰ ਵਿਚ ਕਾਰਜ ਕਰਨਗੇ, ਅਤੇ ਕੌਮ ਉਤੇ ਕੋਈ ਭੀੜ ਪੈਣ ਤੇ ਜਾਂ ਵੈਰੀਆਂ ਦਾ ਮੁਕਾਬਲਾ ਕਰਨ ਲਈ ਰੱਲ ਕੇ ਇਕਠੇ ਹੋ ਜਾਇਆ ਕਰਨਗੇ ।

ਸਵੈ-ਰੱਖਿਆ ਲਈ ਹਰ ਸਿੱਖ ਲਈ ਤਲਵਾਰ, ਬੰਦੂਕ ਅਤੇ ਘੋੜਾ ਰੱਖਣਾ ਜ਼ਰੂਰੀ ਕਰ ਦਿੱਤੇ ਗਏ । ਇਤਨੇ ਜਥੇ ਬਣਨ ਦਾ ਕਾਰਨ ਕਿ ਕੋਈ ਵੀ ਉੱਦਮੀ ਤੇ ਸੂਰਮਾ ਸਿੰਘ ਕੁੱਝ ਕੁ ਯੋਧੇ ਨਾਲ ਰਲਾ ਕੇ ਆਪਣਾ ਜਥਾ ਬਣਾ ਲੈਂਦਾ ਸੀ ।

ਨੀਯਤ ਹੋਏ ਪੰਝੀ ਜਥੇਦਾਰਾਂ ਦੇ ਨਾਮ ਇਹ ਹਨ :-

  1. ਸ. ਸ਼ਾਮ ਸਿੰਘ ਨਾਰੋਕ
  2. ਸ. ਗੁਰਬਖਸ਼ ਸਿੰਘ ਕਲਸੀਆਂ
  3. ਸ. ਕਰਮ ਸਿੰਘ ਪੈਜਗੜ੍ਹ
  4. ਸ. ਕਰੋੜਾ ਸਿੰਘ
  5. ਸ਼. ਨੌਧ ਸਿੰਘ ਸ਼ੁਕਰਚੱਕ
  6. ਸ. ਗੁਰਦਿਆਲ ਸਿੰਘ ਡੱਲੇਵਾਲ
  7. ਸ. ਚੰਦਾ ਸਿੰਘ ਸ਼ੁਕਰਚੱਕ
  8. ਸ. ਕਾਲਾ ਸਿੰਘ ਕੰਗ
  9. ਸ. ਖਿਆਲਾ ਸਿੰਘ
  10. ਸ. ਧਰਮ ਸਿੰਘ
  11. ਸ. ਜੱਸਾ ਸਿੰਘ ਆਹਲੂਵਾਲੀਆ
  12. ਸ. ਹਰੀ ਸਿੰਘ ਭੰਗੀ
  13. ਬਾਬਾ ਦੀਪ ਸਿੰਘ
  14. ਨਵਾਬ ਕਪੂਰ ਸਿੰਘ
  15. ਸ. ਜੈ ਸਿੰਘ
  16. ਸ. ਸਦਾ ਸਿੰਘ
  17. ਸ. ਹੀਰਾ ਸਿੰਘ ਨਕਈ
  18. ਸ. ਅੱਘੜ ਸਿੰਘ
  19. ਸ. ਸੁੱਖਾ ਸਿੰਘ ਮਾੜੀਕੰਬੋ
  20. ਸ. ਮਦਨ ਸਿੰਘ
  21. ਸ. ਬਾਘ ਸਿੰਘ ਹਲੂਵਾਲੀਆ
  22. ਸ. ਛੱਜਾ ਸਿੰਘ ਪੰਜਵੜ
  23. ਸ. ਧੀਰ ਸਿੰਘ ਮਜ਼੍ਹਬੀ
  24. ਕਰਮ ਸਿੰਘ ਨਾਰਲੀ
  25. ਸ. ਭੂਪਾ ਸਿੰਘ