ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਬਾਰਾਮਾਹਾ, ਰਾਗ ਮਾਝ  ਅੰਗ ੧੩੩

ਚੇਤ ਵਿਚ ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ ਸਤਿਗੁਰੂ ਨੂੰ ਸਿਮਰੀਏ ਤਾਂ ਸਿਮਰਨ ਦੀ ਬਰਕਤਿ ਨਾਲ ਬਹੁਤ ਆਤਮਕ ਆਨੰਦ ਹੋ ਸਕਦਾ ਹੈ ।

ਪਰ ਜੀਭ ਨਾਲ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ । ਉਸੇ ਬੰਦੇ ਦਾ ਜਨਮ ਸਫਲਾ ਸਮਝੋ ਜਿਸ ਨੇ ਸਿਮਰਨ ਦੀ ਸਹਾਇਤਾ ਨਾਲ ਆਪਣੇ ਸਤਿਗੁਰੂ ਦਾ ਮਿਲਾਪ ਹਾਸਲ ਕਰ ਲਿਆ, ਕਿਉਂਕਿ ਉਸ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ ।

ਕੁਦਰਤਿ – ਪਾਣੀ ਵਿਚ, ਧਰਤੀ ਵਿਚ, ਅਕਾਸ਼ ਵਿਚ, ਜੰਗਲਾਂ ਵਿਚ, ਹਰ ਥਾਂ ਵਿਅਪਕ ਹੈ । ਜੇ ਸਰਬ ਵਿਆਪਕ ਕਿਸੇ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ ਮਾਨਸਕ ਦੁੱਖ ਬਿਆਨ ਨਹੀਂ ਹੋ ਸਕਦਾ ।

ਪਰ ਜਿਨ੍ਹਾਂ ਬੰਦਿਆਂ ਨੇ ਉਸ ਸਰਬ ਵਿਆਪਕ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ ।ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੇਰਾ ਮਨ ਭੀ ਉਸ ਦੇ ਦੀਦਾਰ ਨੂੰ ਤਾਂਘਦਾ ਹੈ, ਮਨ ਵਿਚ ਹਰੀ‑ਦਰਸਨ ਦੀ ਪਿਆਸ ਹੈ । ਜੇਹੜਾ ਮਨੁੱਖ ਮੇਰਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ ।


ਨਵਾਂ ਸਾਲ ੫੫੬ – ਨਾਨਕਸ਼ਾਹੀ ਜੰਤਰੀ (ਸਿੱਖ ਕੈਲੰਡਰ) ਅਨੁਸਾਰ

ਨਾਨਕਸ਼ਾਹੀ ਕੈਲੰਡਰ (ਜੰਤਰੀ) ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ ‘ਬਾਰਾ ਮਾਹਾ’ ਦੀ ਬਾਣੀ ‘ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ।

ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ. ਨੂੰ ਸ਼ੁਰੂ ਹੁੰਦਾ ਹੈ, ਜਦੋਂ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਉੱਤੇ ਜਨਮ ਲਿਆ।

ਨਾਨਕਸ਼ਾਹੀ ਜੰਤਰੀ ਦੇ ਮਹੀਨੇ

… ਮਹੀਨੇ ਦਿਨ (ਅੰਗਰੇਜ਼ੀ ਮਹੀਨੇ)

  1. ਚੇਤ 31 (ਮਾਰਚ – ਅਪਰੈਲ)
  2. ਵੈਸਾਖ 31 (ਅਪਰੈਲ – ਮਈ)
  3. ਜੇਠ 31 (ਮਈ – ਜੂਨ)
  4. ਹਾੜ 31 ( ਜੂਨ – ਜੁਲਾਈ)
  5. ਸਾਵਣ 31 (ਜੁਲਾਈ – ਅਗਸਤ)
  6. ਭਾਦੋਂ 30 (ਅਗਸਤ – ਸਤੰਬਰ)
  7. ਅੱਸੂ 30 (ਸਤੰਬਰ – ਅਕਤੂਬਰ)
  8. ਕੱਤਕ 30 (ਅਕਤੂਬਰ – ਨਵੰਬਰ)
  9. ਮੱਘਰ 30 (ਨਵੰਬਰ – ਦਸੰਬਰ)
  10. ਪੋਹ 30 (ਦਸੰਬਰ – ਜਨਵਰੀ)
  11. ਮਾਘ 30 (ਜਨਵਰੀ – ਫ਼ਰਵਰੀ)
  12. ਫੱਗਣ 30/31 (ਫ਼ਰਵਰੀ – ਮਾਰਚ)

14 ਮਾਰਚ, 1823 : ਸ਼ਹੀਦੀ ਅਕਾਲੀ ਬਾਬਾ ਫੂਲਾ ਸਿੰਘ, ਨੋਸ਼ਹਿਰੇ ਦੀ ਜੰਗ ਵਿਚ

ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਦਾ ਲਗਪਗ ਸਾਰਾ ਹਿੱਸਾ ਜੰਗਾਂ ਜੁਧਾਂ ਵਿਚ ਗੁਜਰਿਆ । ਸਿਖ ਰਾਜ ਦੀ ਉਸਾਰੀ ਲਈ ਆਪਨੇ ਬਹੁਤ ਸਾਰੇ ਜੰਗ ਖਾਲਸਾ ਰਾਜ ਦੀ ਸਥਾਪਨਾ ਦੇ ਲਈ ਲੜੀਆਂ ਜਿਵੇਂ, ਕਸੂਰ, ਅਟਕ, ਕਸ਼ਮੀਰ, ਹਜ਼ਾਰਾ, ਪਿਸ਼ਾਵਰ ਅਤੇ ਮੁਲਤਾਨ ਅਦਿ ।

ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਲੜੀ ਗਈ ਆਖ਼ਰੀ ਨੋਸ਼ਹਿਰੇ ਦੀ ਸਰਹੱਦੀ ਲੜਾਈ ਸੀ। ਅਫਗਾਨਿਸਤਾਨ ਦਾ ਬਾਦਸ਼ਾਹ 50000 ਤੋ ਵਧੇਰੇ ਲਸ਼੍ਕਰ ਲੈਕੇ ਨੋਸ਼ਹਿਰੇ ਦੇ ਖੁਲੇ ਮੈਦਾਨ ਵਿਚ ਖਾਲਸੇ ਨਾਲ ਜੰਗ ਕਰਨ ਲਈ ਆ ਗਿਆ । ਖਾਲਸੇ ਵਲੋਂ ਵੀ ਲੜਾਈ ਦੀ ਤਿਆਰੀ ਹੋ ਗਈ ਜੰਗ ਵਿਚ ਜਾਣ ਤੋਂ ਪਹਿਲਾਂ ਅਰਦਾਸ ਸੋਧੀ ਗਈ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਾਂ ਪਹੁਚਣ ਕਰਕੇ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜਾਂ ਨੂੰ ਦੁਪਹਿਰ ਤਕ ਰੁਕਣ ਦਾ ਹੁਕਮ ਦਿੱਤਾ ।

ਜਦ ਇਨ੍ਹਾ ਨੂੰ ਮਹਾਰਾਜੇ ਦੀ ਇਸ ਕਾਰਵਾਈ ਦਾ ਪਤਾ ਲਗਾ ਤਾਂ ਇਨ੍ਹਾ ਨੇ ਕਿਹਾ, “ਅਸੀਂ ਗੁਰੂ ਦੇ ਹਜੂਰੀ ਵਿਚ ਅਰਦਾਸਾ ਸੋਧ ਚੁਕੇ ਹਨ, ਹੁਣ ਇਸ ਤੋਂ ਫਿਰਨਾ ਠੀਕ ਨਹੀਂ ਅਸੀਂ ਤਾਂ ਚੜਾਈ ਕਰਾਂਗੇ ਤੇ ਲੜਾਂਗੇ, ਜਿਤ ਕਲਗੀਆਂ ਵਾਲੇ ਦੇ ਹਥ ਹੈ । ਅਰਦਾਸਾ ਸੋਧ ਕੇ ਪਿਛੇ ਮੁੜਨਾ ਖਾਲਸੇ ਦਾ ਧਰਮ ਨਹੀਂ ।”

ਇਹ ਕਹਿਕੇ ਇਹ ਇੱਕਲੇ ਹੀ ਆਪਣੇ 1500 ਘੋੜ ਸਵਾਰਾਂ ਨਾਲ ਦਰਿਆ ਟੱਪ ਕੇ ਕਿਲੇ ਵਲ ਨੂੰ ਤੁਰ ਪਏ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਨ੍ਹਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ। ਮਹਾਰਾਜੇ ਨੇ ਇਨ੍ਹਾ ਦੀ ਇਸ ਦਲੇਰੀ ਨੂੰ ਵੇਖਕੇ ਆਪਣੀਆ ਫੌਜਾ ਨੂੰ ਵੀ ਪਿਛੇ ਭੇਜ ਦਿਤਾ । ਕਿਲੇ ਦੀ ਕੰਧ ਪਾੜਕੇ ਆਪਣੇ ਘੋੜਿਆ ਸਮੇਤ ਕਿਲੇ ਦੇ ਅੰਦਰ ਜਾ ਵੜੇ ਤੇ ਇਸ ਦਲੇਰੀ ਨਾਲ ਲੜੇ ਕੀ ਵੈਰੀਆਂ ਦੇ ਪੈਰ ਉਖੜ ਗਏ । ਲੜਾਈ ਵਿੱਚ ਜਿੱਤ ਦਾ ਝੰਡਾ ਲਹਿਰਾਉਂਦਿਆਂ 7 ਗੋਲੀਆਂ ਖਾਕੇ ਆਪ 14 ਮਾਰਚ, 1823 ਨੂੰ ਸ਼ਹੀਦ ਹੋ ਗਏ ।

ਉਨ੍ਹਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ।