ਸਲੋਕ ਮਃ ੨ ॥

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥

 ਮਹਲਾ ੨ – ਗੁਰੂ ਅੰਗਦ ਦੇਵ ਜੀ
 ਸਿਰੀ ਰਾਗ  ਅੰਗ ੮੯ (89)

ਜੋ ਸਿਰ ਆਪਣੇ ਮਾਲਕ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ ਭਾਵ, ਉਸ ਦਾ ਕੋਈ ਗੁਣ ਨਹੀਂ, ਉਹ ਵਿਅਰਥ ਹੈ।

ਜਿਸ ਸਰੀਰ ਵਿਚ ਆਪਣੇ ਪਿਆਰੇ ਤੋਂ ਵਿਛੋੜੇ ਦਾ ਦਰਦ ਨਹੀਂ ਉਹ ਸਰੀਰ ਭਾਵੇਂ ਸਾੜ ਦਿਓ ਕਿਉਂਕਿ ਉਹ ਵੀ ਵਿਅਰਥ ਹੀ ਹੈ ।


14 ਜੂਨ, 1738 : ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟ ਕੇ ਸ਼ਹੀਦੀ

ਭਾਈ ਮਨੀ ਸਿੰਘ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਦਰਬਾਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ। ਸਿੱਖ ਪੰਥ ਨੇ ਭਾਈ ਮਨੀ ਸਿੰਘ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ।

ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ। ਭਾਈ ਮਨੀ ਸਿੰਘ ਨੇ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਸੱਦਾ ਪੱਤਰ ਭੇਜ ਦਿੱਤੇ ਸਨ। ਪਰ ਇਹ ਇਕ ਚਾਲ ਸੀ ਲ, ਜਿਸ ਪਿੱਛੇ ਜ਼ਕਰੀਆ ਖਾਨ ਦਾ ਅਸਲ ਮੱਕਸਦ ਸਿੱਖਾਂ ਦਾ ਕਤਲੇਆਮ ਕਰਨ ਦਾ ਸੀ।

ਜਦੋਂ ਭਾਈ ਮਨੀ ਸਿੰਘ ਨੂੰ ਸੂਬਾ ਲਾਹੌਰ ਦੀ ਇਸ ਗੁਪਤ ਯੋਜਨਾ ਦੀ ਸੂਚਨਾ ਮਿਲੀ ਤਾਂ ਉਸ ਨੇ ਸਿੱਖ ਸੰਗਤਾਂ ਨੂੰ ਪੁਰਬ ਉਤੇ ਨਾ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ, ਨਤੀਜੇ ਵਜੋਂ ਇਹ ਪੁਰਬ ਨਾ ਮਨਾਇਆ ਜਾ ਸਕਿਆ। ਸਿੱਟੇ ਵਜੋਂ ਪੁਰਬ ਵੇਲੇ ਚੜ੍ਹਤ ਦੇ ਰੂਪ ਵਿੱਚ ਇਕੱਤਰ ਹੋਣ ਵਾਲੇ ਧਨ ਦੀ ਰਾਸ਼ੀ ਵਿਚੋਂ ਜ਼ਕਰੀਆ ਖਾਨ ਵੱਲੋਂ ਮਿੱਥੀ ਰਕਮ ਅਦਾ ਨਹੀਂ ਕੀਤੀ ਜਾ ਸਕੀ। ਇਸ ਉਤੇ ਵਿਵਾਦ ਹੋਇਆ ਪਰ ਕੁਝ ਸਾਲਸੀਆਂ ਵੱਲੋਂ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਗਿਆ ਸੀ ਅਤੇ ਚੜ੍ਹਤ ਵਿਚੋਂ ਨਿਰਧਾਰਤ ਰਕਮ ਅਦਾ ਕਰ ਦੇਣ ਦੇ ਇਕਰਾਰ ਨਾਲ ਆਉਂਦੀ ਵਿਸਾਖੀ ਦਾ ਪੁਰਬ ਮਨਾਉਣ ਦੀ ਦੁਬਾਰਾ ਪ੍ਰਵਾਨਗੀ ਦਿੱਤੀ ਗਈ ਸੀ। ਸੂਬਾ ਲਾਹੌਰ ਨੇ ਇਹ ਪ੍ਰਵਾਨਗੀ ਵੀ ਗੁਪਤ ਰੂਪ ਵਿੱਚ ਉਸੇ ਸਾਜਿਸ਼ ਅਧੀਨ ਦਿੱਤੀ ਸੀ। ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਫੇਰ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਪਹੁੰਚ ਗਏ ਸਨ।

ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ।

14 ਜੂਨ, 1738 ਵਾਲੇ ਦਿਨ ਉਸ ਨੂੰ ਨਖਾਸ ਚੌਕ ਵਿਚ, ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ, ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਦਾ ਸਸਕਾਰ ਭਾਈ ਸੁਬੇਗ ਸਿੰਘ ਆਦਿ ਲਾਹੌਰ ਦੇ ਸਿੱਖਾਂ ਨੇ ਮਸਤੀ-ਦਰਵਾਜ਼ੇ ਦੇ ਬਾਹਰ, ਸ਼ਾਹੀ ਕਿਲ੍ਹੇ ਦੇ ਨਜ਼ਦੀਕ ਕੀਤਾ।


14 ਜੂਨ, 1984 : ਡਾਕਟਰ ਗੰਡਾ ਸਿੰਘ ਨੇ ਪਦਮ-ਸ੍ਰੀ ਖਿਤਾਬ ਵਾਪਿਸ ਕੀਤਾ

ਪ੍ਰਸਿੱਧ ਸਿੱਖ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਦਰਬਾਰ ਸਾਹਿਬ ਉਤੇ ਹੋਈ ਫੋਜੀ ਕਾਰਵਾਈ ਦੇ ਰੋਸ ਵਜੋਂ, 14 ਜੂਨ, 1984 ਦੇ ਦਿਨ, ਆਪਣਾ ਪਦਮ-ਸ੍ਰੀ ਖਿਤਾਬ/ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ।