ਸਲੋਕ ਮਃ ੪ ॥
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥ਮਹਲਾ ੪ – ਗੁਰੂ ਰਾਮਦਾਸ ਜੀ
ਸਲੋਕ, ਰਾਗ ਕਾਨੜਾ ਅੰਗ ੧੩੧੫ (1315)
ਸੁੱਤਿਆਂ, ਜਾਗਦਿਆਂ, ਆਪਣੀ ਕਿਰਤ-ਵਿਹਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਲਈਏ ਕਿ – ਸੁੱਤੇ ਪਿਆਂ ਵੀ ਆਪਣੇ ਮਨ ਵਿਚ ਸਤਿਗੁਰੂ ਨੂੰ ਯਾਦ ਕਰਦੇ ਰਹੀਏ । ਇਸ ਤਰ੍ਹਾਂ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਾਂਗ ਸਾਡਾ ਮਨ ਗੁਰਬਾਣੀ ਵਿਚ ਟਿਕਿਆ ਰਹੇਗਾ ।
ਜੇਕਰ ਸਾਡੇ ਮਨ ਵਿਚ ਵੀ ਆਪਣੇ ਸਤਿਗੁਰੂ ਨੂੰ ਮਿਲਣ ਦੀ ਤਾਂਘ ਹੈ, ਚਾਅ ਹੈ, ਤਾਂ ਫਿਰ ਗੁਰੂ ਆਪ ਹੀ ਪ੍ਰਸੰਨ ਹੋ ਕੇ ਸਾਡਾ ਮੇਲ ਕਰਾਂਦਾ ਹੈ ।
14 ਜੁਲਾਈ, 1836 : ਤਰਨਤਾਰਨ ਨਗਰ ਦੀ ਚਾਰਦੀਵਾਰੀ ਅਤੇ 14 ਵੱਡੇ ਦਰਵਾਜ਼ੇ ਉਸਾਰੇ ਗਏ
ਇਤਿਹਾਸ ਵਿੱਚ ‘ਗੁਰੂ ਕੀ ਨਗਰੀ, ਤਰਨਤਾਰਨ’ ਨੂੰ ਇਕ ਖ਼ਾਸ ਦਰਜਾ ਹਾਸਲ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਇਹ ਨਗਰੀ ਸਿੱਖੀ ਦੇ ਪ੍ਰਚਾਰ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਵਸਾਈ ਸੀ। ਗੁਰੂ ਜੀ ਨੇ 1590 ਵਿਚ ਇੱਥੇ ਸਰੋਵਰ ਖੁਦਵਾਇਆ ਅਤੇ ਫਿਰ 1596 ਨੂੰ ਨਗਰ ਦੀ ਨੀਂਹ ਰੱਖ ਕੇ ਇਸ ਨੂੰ ਆਬਾਦ ਕੀਤਾ ਸੀ। ਤਰਨਤਾਰਨ ਤੋਂ ਗੁਰੂ-ਕਾ-ਚੱਕ (ਅੰਮ੍ਰਿਤਸਰ) ਦੀ ਦੂਰੀ ਲੱਗਭਗ 13-14 ਹੈ।
ਮੁਗ਼ਲ ਹਕੂਮਤ ਦੌਰਾਨ ਇਹ ਨਗਰ ਇੰਨੀ ਤਰੱਕੀ ਨਾ ਕਰ ਸਕਿਆ। ਜਿਵੇਂ ਹੀ ਸਿੱਖ ਮਿਸਲਾਂ ਉਪਰੰਤ ਪੰਜਾਬ ਦੇ ਰਾਜਭਾਗ ਦੀ ਡੋਰ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਈ ਤਾਂ ਉਨ੍ਹਾਂ ਨੇ 14 ਜੁਲਾਈ, 1836 ਨੂੰ ਉਚੇਚੇ ਹੁਕਮ ਦੇ ਕੇ ਤਰਨਤਾਰਨ ਸ਼ਹਿਰ ਦੀ ਪੱਕੀ ਚਾਰਦੀਵਾਰੀ ਕਰਵਾਈ ਅਤੇ 14 ਵੱਡੇ ਦਰਵਾਜ਼ੇ ਵੀ ਬਣਵਾਏ। ਇਸੇ ਦੌਰਾਨ ਹੀ ਇੱਥੇ ਸਿੱਖ ਸੰਗਤਾਂ ਦੇ ਆਰਾਮ ਲਈ ਬੁੰਗੇ ਵੀ ਬਣਵਾਏ ਗਏ।