ਇਹੁ ਹਰਿ ਰਸੁ ਪਾਵੈ ਜਨੁ ਕੋਇ ॥
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥
ਜਾ ਕੈ ਮਨਿ ਪ੍ਰਗਟੇ ਗੁਨਤਾਸ ॥
ਆਠ ਪਹਰ ਹਰਿ ਕਾ ਨਾਮੁ ਲੇਇ ॥
ਸਚੁ ਉਪਦੇਸੁ ਸੇਵਕ ਕਉ ਦੇਇ ॥
ਮੋਹ ਮਾਇਆ ਕੈ ਸੰਗਿ ਨ ਲੇਪੁ ॥
ਮਨ ਮਹਿ ਰਾਖੈ ਹਰਿ ਹਰਿ ਏਕੁ ॥
ਅੰਧਕਾਰ ਦੀਪਕ ਪਰਗਾਸੇ ॥
ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੮੭

ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ, ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਆਤਮਿਕ ਤੌਰ ਤੇ ਅਮਰ ਹੋ ਜਾਂਦਾ ਹੈ । ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ – ਗੁਰਬਾਣੀ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਸ ਦਾ ਕਦੇ ਨਾਸ ਨਹੀਂ ਹੁੰਦਾ ।

ਅੱਠੇ ਪਹਰ ਨਾਮ ਸਿਮਰਦਾ ਹੈ, ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ । ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ, ਉਹ ਸਦਾ ਆਪਣੇ ਮਨ ਵਿਚ ਗੁਰੂ ਨੂੰ ਟਿਕਾਉਂਦਾ ਹੈ ।

ਗੁਰੂ ਅਰਜਨ ਦੇਵ ਜੀ ਅਨੁਸਾਰ ਜਿਸ ਦੇ ਅੰਦਰੋਂ ਨਾਮ-ਰੂਪ ਦੀਵੇ ਦੇ ਨਾਲ ਅਗਿਆਨਤਾ ਦਾ ਹਨੇਰਾ ਹਟ ਕੇ ਚਾਨਣ ਹੋ ਜਾਂਦਾ ਹੈ, ਉਸ ਦੇ ਸਾਰੇ ਭਰਮ-ਭੁਲੇਖੇ ਮੁੱਕ ਜਾਂਦੇ ਹਨ,ਮੋਹ ਦੇ ਕਾਰਣ ਪੈਦਾ ਹੋਏ ਦੁੱਖ ਦੂਰ ਹੋ ਜਾਂਦੇ ਹਨ ।



14 ਫਰਵਰੀ, 1931 : ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਪੰਡਿਤ ਮਦਨ ਮੋਹਨ ਮਾਲਵੀਆ ਨੇ ਪਟੀਸ਼ਨ ਪਾਈ

ਇਸ ਦਿਨ 14 ਫਰਵਰੀ, 1931 ਨੂੰ ਪੰਡਿਤ ਮਦਨ ਮੋਹਨ ਮਾਲਵੀਆ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ, ਹਾਲਾਂਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਕਿਸੇ ਵੀ ਤਰ੍ਹਾਂ ਫਾਂਸੀ ਤੋਂ ਮੁਆਫੀ ਲੈਣ ਦੇ ਹੱਕ ਵਿੱਚ ਨਹੀਂ ਸਨ।

ਮਾਲਵੀਆ ਨੇ ਉਸ ਸਮੇਂ ਦੇ ਵਾਇਸ ਰਾਏ ਇਰਵਿਨ ਨੂੰ ਇਨਸਾਨੀਅਤ ਦਾ ਵਾਸਤਾ ਦਿੱਤਾ ਸੀ। ਇਕ ਵਾਇਸ ਰਾਏ ਇਰਵਿਨ ਹੀ ਸੀ ਜੋ ਭਗਤ ਸਿੰਘ ਹੁਰਾਂ ਦੀ ਸਜ਼ਾ ਮੁਆਫ ਕਰਨ ਦੀ ਤਾਕਤ ਰੱਖਦਾ ਸੀ ਪਰ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਜਿਸ ਦੇ ਨਾਲ ਹੀ ਪੱਕਾ ਹੋ ਗਿਆ ਕਿ ਭਗਤ ਸਿੰਘ ਰਾਜਗੁਰੂ ਦੇਵ ਨੂੰ ਫਾਂਸੀ ਦਿੱਤੀ ਜਾਵੇਗੀ।

ਮਾਲਵੀਆ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਬਨਾਰਸ ਯੂਨੀਵਰਸਿਟੀ ਬਣਾਈ ਸੀ। ਉਨ੍ਹਾਂ ਨੇ ਇਕ ਵਾਰ ਨਹੀਂ ਸਗੋਂ ਦੋ ਵਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਕ ਵਾਰ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਵੀ ਬਹਿਸ ਦੌਰਾਨ ਇਹ ਮੁੱਦਾ ਚੁੱਕਿਆ ਸੀ।