ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥ਭਗਤ ਕਬੀਰ ਜੀ
ਸਲੋਕ ਅੰਗ ੧੩੬੯ (1369)
ਸਾਨੂੰ ਕੇਵਲ ਆਪਣੇ ਸੱਚੇ ਮਾਲਕ ਉਤੇ ਭਰੋਸੇ ਵਾਲੀ ਡੋਰੀ ਰੱਖਣੀ ਚਾਹੀਦੀ ਹੈ। ਹੋਰਾਂ ਤੋਂ ਵਿਅਰਥ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ ।
ਜੋ ਉਸਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਮਾਨਸਿਕ-ਨਰਕ ਵਿਚ ਪਏ ਰਹਿੰਦੇ ਹਨ, ਅਰਥਾਤ ਸਦਾ ਦੁਖੀ ਰਹਿੰਦੇ ਹਨ ।
14 ਅਗਸਤ, 1947 : ਪੰਜਾਬ ਨੇ ਝੱਲੀ ਬਟਵਾਰੇ ਦੀ ਤ੍ਰਾਸਦੀ
14 ਅਗਸਤ ਦੀ ਤਾਰੀਖ ਪੰਜਾਬ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਭਾਰਤ ਦੇਸ਼ ਦੀ ਵੰਡ ਹੋਈ, ਜਿਸ ਦਾ ਸੱਭ ਤੋਂ ਵੱਡੀ ਤ੍ਰਾਸਦੀ ਪੰਜਾਬ ਨੇ ਭੁਗਤੀ।
14 ਅਗਸਤ, 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਅਤੇ 15 ਅਗਸਤ, 1947 ਨੂੰ ਭਾਰਤ ਨੂੰ ਆਜ਼ਾਦ ਐਲਾਨਿਆ ਗਿਆ ਸੀ। ਦੇਸ਼ ਨੂੰ ਆਜ਼ਾਦੀ ਦੀ ਖੁਸ਼ੀ ਜ਼ਰੂਰ ਮਿਲੀ ਪਰ ਇਸ ਦੇ ਨਤੀਜੇ ਕਾਰਨ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਤੇ ਭਾਵਨਾਵਾਂ ’ਚ ਪਈਆਂ ਵੰਡੀਆਂ ਦੇ ਜ਼ਖਮ ਕਦੇ ਨਹੀਂ ਭਰੇ ਜਾ ਸਕਦੇ।
ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸੇ ਤਰ੍ਹਾਂ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ।
ਭਾਰਤ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ। ਵੰਡ ਦੇ ਦੌਰਾਨ ਹੋਈ ਹਿੰਸਾ ਵਿੱਚ ਕਰੀਬ 5 ਲੱਖ ਲੋਕ ਮਾਰੇ ਗਏ, ਅਤੇ ਕਰੀਬ 1.45 ਕਰੋੜ ਪੰਜਾਬੀਆਂ ਨੂੰ ਆਪਣਾ ਘਰ-ਬਾਰ ਛੱਡਕੇ ਸ਼ਰਨਾਰਥੀ ਬਣਨਾ ਪਿਆ।
14 ਅਗਸਤ, 1947 : ਅਜ਼ਾਦ ਭਾਰਤ ਦਾ ਤਿਰੰਗਾ ਝੰਡਾ ਪਹਿਲੀ ਵਾਰ ਲਹਿਰਾਇਆ
ਅਜ਼ਾਦ ਭਾਰਤ ਦਾ ਤਿਰੰਗਾ ਝੰਡਾ ਪਹਿਲੀ ਵਾਰ 14 ਅਗਸਤ ਦੀ ਅੱਧੀ ਰਾਤ ਨੂੰ ‘ਸੈਂਟਰਲ ਹਾਲ’, ਸੰਸਦ ਭਵਨ (ਦਿੱਲੀ) ਵਿੱਚ ਲਹਿਰਾਇਆ ਗਿਆ। ਇਹ ਝੰਡਾ ਇੱਕ ਅਜ਼ਾਦੀ ਘੁਲਾਟੀਏ ‘ਹੰਸਾਬੇਨ’ ਦੁਆਰਾ ਆਪਣੇ ਹੱਥੀਂ ਖਾਦੀ-ਸਿਲਕ ਦਾ ਬਣਿਆ ਹੋਇਆ ਸੀ।
ਤਕਰੀਬਨ 10 ਵਜੇ ਦਾ ਵਕਤ ਸੀ ਜਦੋਂ ਅੰਗਰੇਜ਼ੀ ਹਕੂਮਤ ਦੇ ਅੰਤਿਮ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਪਹਿਲੇ ਭਾਰਤੀ ਰਾਸ਼ਟਰਪਤੀ ਡਾ: ਰਾਜਿੰਦਰ ਪੑਸ਼ਾਦ ਨੂੰ ਭਾਰਤ ਦੇ ਸੰਵਿਧਾਨ ਨਾਲ਼ ਸੰਬਧਤ ਦਸਤਾਵੇਜ ਸੌਂਪੇ।