ਰਾਗੁ ਗਉੜੀ ਛੰਤ ਮਹਲਾ ੫
ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥ਮਹਲਾ ੫, ਗੁਰੂ ਅਰਜਨ ਦੇਵ ਜੀ
ਰਾਗ ਗਉੜੀ, ਛੰਤ ਅੰਗ ੨੪੭ (247)
ਜੇਹੜਾ ਮਿੱਤਰ ਪਿਆਰਾ ਮੈਨੂੰ ਮੇਰੇ ਮਾਲਕ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ, ਮੈਂ ਉਸ ਨੂੰ ਆਪਣਾ ਮਨ, ਹਿਰਦਾ ਭੇਟ ਕਰ ਦਿਆਂ, ਆਪਣਾ ਸਰੀਰ ਵੀ ਭੇਟ ਕਰ ਦਿਆਂ, ਇਹ ਸਾਰੇ ਗਿਆਨ-ਇੰਦ੍ਰੇ (ਦੇਸ਼) ਵਾਰਨੇ ਕਰ ਦਿਆਂ, ਆਪਣਾ ਸਭ ਕੁੱਝ ਉਸ ਦੇ ਹਵਾਲੇ ਕਰ ਦਿਆਂ । ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ ਆਪਣਾ ਸੀਸ ਵੀ ਉਸ ਦੇ ਹਵਾਲੇ ਕਰ ਦਿਆਂ ।
ਜਿਸਨੇ ਸਾਧ ਸੰਗਤਿ ਦੀ ਬਰਕਤਿ ਨਾਲ ਆਪਣੀ ਬੁੱਧੀ, ਆਪਣੀ ਮਤਿ ਹੀ ਗੁਰੂ ਦੇ ਹਵਾਲੇ ਕੀਤੇ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਮਾਲਕ ਵਿਖਾਲ ਦਿੱਤਾ।
ਇਕ ਖਿਨ ਵਿਚ ਹੀ ਉਸ ਦਾ ਸਾਰਾ ਹੀ ਦੁਖ ਦੂਰ ਹੋ ਗਿਆ, ਕਿਉਂਕਿ ਉਸ ਨੂੰ ਮਨ ਦੀ ਮੁਰਾਦ ਮਿਲ ਗਈ । ਉਹ ਗੁਰੂ-ਚਰਨਾਂ ਵਿਚ ਜੁੜ ਕੇ ਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਸੰਸਾਰਕ ਚਿੰਤਾ-ਫ਼ਿਕਰ ਮਿਟ ਜਾਂਦੇ ਹਨ ।
ਜੋ ਕੋਈ (ਜੀਵ-ਇਸਤ੍ਰੀ) ਸਾਧ ਸੰਗਤਿ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ ਖਸਮ-ਮਾਲਕ ਮਿਲ ਪੈਂਦਾ ਹੈ । ਉਹ ਮਾਲਕ ਐਸਾ ਹੈ, ਜਿਹੋ ਜਿਹਾ ਅਸੀ ਸਾਰੇ ਜੀਵ ਸਦਾ ਢੂੰਡਦੇ ਰਹਿੰਦੇ ਹਾਂ, ਉਹੀ ਹੈ ਜਿਸ ਨੂੰ ਅਸੀ ਸਾਰੇ ਮਿਲਣਾ ਲੋੜਦੇ ਹਾਂ ।
ਵਿਸਾਖੀ ਦਾ ਤਿਉਹਾਰ
ਵਿਸਾਖੀ ਖੇਤੀਬਾੜੀ ਨਾਲ ਸਬੰਧਤ ਇੱਕ ਤਿਉਹਾਰ ਹੈ, ਜੋ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਸਿੱਖ ਨਵੇਂ ਸਾਲ ਵਜੋਂ ਵੀ ਮਨਾਇਆ ਜਾਂਦਾ ਹੈ। ਸਿੱਖ ਕੌਮ ਵਿੱਚ ਵਿਸਾਖੀ ਦਾ ਤਿਉਹਾਰ ਖਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।
ਵਿਸਾਖੀ ਦਾ ਤਿਉਹਾਰ ਬਸੰਤ ਰੁੱਤ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਰ ਸਾਲ ਵਿਸਾਖੀ ਦਾ ਤਿਉਹਾਰ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
ਵਿਸਾਖੀ ਦੀ ਕਿਸਾਨਾਂ ਲਈ ਮਹੱਤਤਾ :
ਵਿਸਾਖ ਦੇ ਮਹੀਨੇ ਹਾੜੀ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪੱਕ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਵਾਢੀ ਵੀ ਸ਼ੁਰੂ ਹੋ ਜਾਂਦੀ ਹੈ। ਵਿਸਾਖੀ ਖੇਤੀਬਾੜੀ ਨਾਲ ਸਬੰਧਤ ਇੱਕ ਤਿਉਹਾਰ ਹੈ, ਜੋ ਉੱਤਰੀ ਭਾਰਤ, ਖਾਸਕਰ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਬਸੰਤ ਰੁੱਤ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
1699 – ਖ਼ਾਲਸਾ ਸਾਜਣਾ ਦਿਵਸ
ਇਸ ਦਿਨ ਖਾਲਸੇ ਦੀ ਸਥਾਪਨਾ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅੱਜ ਦੇ ਦਿਨ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
1699 ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਚ ਸਿੱਖਾਂ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਗੁਰੂ ਲਈ ਕੁਰਬਾਨੀ ਦੇਣ ਲਈ ਅੱਗੇ ਆਉਣ ਲਈ ਕਿਹਾ ਸੀ। ਅੱਗੇ ਆਉਣ ਵਾਲਿਆਂ ਨੂੰ ‘ਪੰਜ ਪਿਆਰੇ’ ਕਿਹਾ ਗਿਆ, ਜਿਸਦਾ ਅਰਥ ਹੈ ਗੁਰਮਤਿ ਨੂੰ ਸਮਰਪਿਤ ਗੁਰੂ ਦੇ ਦੁਲਾਰੇ ਸਿੱਖ। ਗੁਰੂ ਸਾਹਿਬ ਨੇ ਇਹਨਾਂ ਨੂੰ ਨਾਮ ਨਾਲੋਂ ਜਾਤ ਹਟਾ ਕੇ ਆਪਣੇ ਨਾਮ ਪਿੱਛੇ ਸਿੰਘ ਲਗਾਉਣ ਦਾ ਹੁਕਮ ਕੀਤਾ।
ਇਹ ਪੰਜ ਪਿਆਰੇ ਸਨ :
- ਭਾਈ ਦਇਆ ਸਿੰਘ
- ਭਾਈ ਧਰਮ ਸਿੰਘ
- ਭਾਈ ਹਿੰਮਤ ਸਿੰਘ
- ਭਾਈ ਮੁਹਕਮ ਸਿੰਘ
- ਭਾਈ ਸਾਹਿਬ ਸਿੰਘ
14 ਅਪ੍ਰੈਲ, 1469 : ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ (ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ)
ਗੁਰੂ ਨਾਨਕ ਦੇਵ ਜੀ ਦਾ ਜਨਮ 14 ਅਪ੍ਰੈਲ, 1469 ਨੂੰ ਰਾਇ-ਭੋਇ ਦੀ ਤਲਵੰਡੀ ਵਿਖੇ ਹੋਇਆ । ਇਹ ਸਥਾਨ ਅੱਜ ਦੇ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹਾ ਵਿੱਚ ਸਥਿਤ ਹੈ ਇਸੇ ਅਸਥਾਨ ਨੂੰ ਅੱਜ-ਕਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ਜੋ ਕਿ ਆਪਣੇ ਪਿੰਡ ਦੇ ਪਟਵਾਰੀ ਸਨ ।
ਗੁਰੂ ਸਾਹਿਬ ਦੀ ਮਾਤਾ ਜੀ ਦਾ ਨਾਂ ਤ੍ਰਿਪਤਾ ਜੀ ਸੀ। ਉਹ ਬੜੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ । ਪ੍ਰਸਿੱਧ ਇਤਿਹਾਸਕਾਰ ਐੱਮ. ਏ. ਮੈਕਾਲਿਫ਼ ਦੇ ਅਨੁਸਾਰ, “ਗੁਰੂ ਨਾਨਕ ਦਾ ਆਗਮਨ ਇੱਕ ਨਵੀਂ ਜਾਗ੍ਰਿਤੀ ਦਾ ਸੂਚਕ ਸੀ ।
ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬੜੇ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਸਨ । ਉਨ੍ਹਾਂ ਦਾ ਝੁਕਾਅ ਬਾਲ-ਖੇਡਾਂ ਵੱਲ ਘੱਟ ਅਤੇ ਕੁਦਰਤਿ ਦੀ ਗੋਦ ਵਿੱਚ ਬੈਠ ਕੇ ਡੂੰਘੀ ਵੀਚਾਰ-ਚਰਚਾ ਵੱਲ ਜ਼ਿਆਦਾ ਸੀ । ਉਹ ਅਕਸਰ ਆਪਣੇ ਵਿਚਾਰਾਂ ਵਿੱਚ ਮਗਨ ਰਹਿੰਦੇ ਸਨ ।
ਗੁਰੂ ਨਾਨਕ ਦੇਵ ਜੀ ਦੇਸ਼ ਅਤੇ ਵਿਦੇਸ਼ਾਂ ਦੀ ਲੰਬੀ ਯਾਤਰਾ ਲਈ ਨਿਕਲ ਪਏ । ਗੁਰੂ ਨਾਨਕ ਦੇਵ ਜੀ ਨੇ ਲਗਭਗ 21 ਵਰ੍ਹੇ ਇਨ੍ਹਾਂ ਯਾਤਰਾਵਾਂ ਵਿੱਚ ਬਤੀਤ ਕੀਤੇ । ਗੁਰੂ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ ਅਤੇ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ ਸੀ । ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਕੇ ਆਪਣੇ ਮਾਰਗ ਤੋਂ ਭਟਕ ਚੁੱਕੇ ਸਨ । ਉਸ ਸਮੇਂ ਲੋਕਾਂ ਨੇ ਅਣਗਿਣਤ ਦੇਵੀ ਦੇਵਤਿਆਂ, ਕਬਰਾਂ, ਰੁੱਖਾਂ, ਸੱਪਾਂ ਅਤੇ ਪੱਥਰਾਂ ਆਦਿ ਦੀ ਪੂਜਾ ਸੁਰੂ ਕਰ ਦਿੱਤੀ ਸੀ ।
ਇਸ ਤਰ੍ਹਾਂ ਧਰਮ ਦੀ ਸੱਚੀ ਭਾਵਨਾ ਖ਼ਤਮ ਹੋ ਚੁੱਕੀ ਸੀ । ਉਸ ਸਮੇਂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨ੍ਹੇਰੇ ਵਿੱਚ ਭਟਕ ਰਹੇ ਇਨ੍ਹਾਂ ਲੋਕਾਂ ਨੂੰ ਰੋਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀਆਂ ਯਾਤਰਾਵਾਂ ਕੀਤੀਆਂ, ਅਤੇ ਅਣਗਿਣਤ ਲੋਕਾਈ ਨੂੰ ਸੱਚ ਦੇ ਰਾਹ ਉਤੇ ਤੋਰਿਆ।