ਗੁਰ ਕੇ ਚਰਨ ਮਨ ਮਹਿ ਧਿਆਇ ॥
ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਸਿਰੀ ਰਾਗ ਅੰਗ ੫੧ (51)
ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ ਭਾਵ, ਆਪਣੀ ਹਉਮੈ ਛੱਡ ਕੇ ਸੱਚੇ ਗੁਰੂ ਦੇ ਲੜ ਲੱਗ ਜਾਓ । ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਮਾਲਕ ਵਿਚ ਸੁਰਤਿ ਜੋੜ ਲਓ ।
13 ਸਤੰਬਰ, 1922 : ਪਾਦਰੀ ਐਂਡਰੀਊਜ਼ ਦੀ ਪ੍ਰੇਰਨਾ ਸਦਕਾ ਪੰਜਾਬ ਦਾ ਗਵਰਨਰ ਮੈਕਲੈਗਨ ਗੁਰੂ ਕਾ ਬਾਗ ਮੋਰਚੇ ਪੁੱਜਾ
ਗੁਰੂ ਕੇ ਬਾਗ਼ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ। ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇਕ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਦੇ ਮਹੰਤ ਸੁੰਦਰ ਦਾਸ ਦੀ ਸਾਜਿਸ਼ ਕਰਕੇ ‘ਗੁਰੂ ਕਾ ਬਾਗ ਦਾ ਮੋਰਚਾ’ 8 ਅਗਸਤ, 1922 ਤੋਂ ਜਾਰੀ ਸੀ।
ਰੋਜ਼ਾਨਾ ਸਿੰਘਾਂ ਦੇ ਜਥੇ ਨੂੰ ਪੁਲਸ ਫੜਦੀ ਅਤੇ ਦੂਰ-ਦੁਰਾਡੇ ਲਿਜਾ ਕੇ ਛੱਡ ਦਿੰਦੀ। ਫਿਰ ਪੁਲਸ ਮੁਖੀ ਬੀ. ਟੀ. ਨੇ ਉੱਚ ਅਫਸਰਾਂ ਨਾਲ ਰਾਇ ਕਰਕੇ ਸਿੰਘਾਂ ‘ਤੇ ਸਖਤੀ ਦਾ ਦੌਰ ਤੇਜ਼ ਕਰ ਦਿੱਤਾ। ਸਿੱਖਾਂ ਨੂੰ ਗੁਮਟਾਲੇ ਦੇ ਪੁਲ ਤੇ ਰੋਕ ਕੇ ਬੜਾ ਮਾਰਿਆ ਕੁਟਿਆ ਜਾਂਦਾ ਅਤੇ ਗੁਰੂ ਦੇ ਬਾਗ਼ ਪਹੁੰਚਣ ਨਾ ਦਿਤਾ ਜਾਂਦਾ। ਕਈਆਂ ਦੇ ਸਿਰ ਪਾਟ ਜਾਂਦੇ ਅਤੇ ਕਈ ਡਿਗਦੇ ਤੇ ਬੇਹੋਸ਼ ਹੋ ਜਾਂਦੇ।
ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਪਾਦਰੀ ਸੀ ਐਫ ਐਂਡਰੀਊਜ਼, ਜੋ ਮਹਾਤਮਾ ਗਾਂਧੀ ਦਾ ਵੀ ਪ੍ਰਸ਼ੰਸਕ ਸੀ, ਨੇ ਇਹ ਕਹਿਰ ਵੇਖ ਕੇ ਕਿਹਾ ਕਿ – “ਤਵਾਰੀਖ ਵਿੱਚ ਇੱਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ, ਅੱਜ ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਲਏ।”
ਪਾਦਰੀ ਐਂਡਰੀਊਜ਼ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ ‘ਤੇ 13 ਸਤੰਬਰ, 1922 ਨੂੰ ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ।
ਇਸ ਦੇ ਫਲਸਰੂਪ ਸਿੰਘਾਂ ‘ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ, 1922 ਤੱਕ ਚੱਲਿਆ।