ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਰਾਮਕਲੀ ਅੰਗ ੯੪੬ (946)
ਹੇ ਜੋਗੀ! ਗੁਰਬਾਣੀ ਦੇ ਉਪਦੇਸ਼ ਦਾ ਸਾਰ ਸੁਣ – “ਸੱਚੇ ਮਾਲਕ ਦੇ ਨਾਮ ਤੋਂ ਬਿਨਾਂ ਤੇਰਾ ਉਸ ਮਾਲਕ ਨਾਲ ਮਿਲਾਪ (ਜੋਗ) ਸੰਭਵ ਨਹੀਂ ।”
ਜੋ ਗੁਰਸਿੱਖ ‘ਨਾਮ’ ਦੇ ਜੋਗ ਵਿਚ ਰੱਤੇ ਹੋਏ ਹਨ ਉਹ ਤਾਂ ਹਰ ਵੇਲੇ, ਆਪਣੇ ਕਾਰ-ਵਿਹਾਰ ਕਰਦਿਆਂ ਵੀ, ਭਗਤੀ ਵਿਚ ਮਤਵਾਲੇ ਹੋਏ ਵਿਚਰਦੇ ਹਨ ।
13 ਨਵੰਬਰ, 1780 : ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ
‘ਸ਼ੇਰੇ ਪੰਜਾਬ’ ਦੇ ਨਾਮ ਨਾਲ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਗੁਜਰਾਂਵਾਲਾ ਵਿਖੇ ਸੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ।
ਉਨ੍ਹਾਂ ਦਾ ਬਚਪਨ ਦਾ ਨਾਂਅ ਬੁੱਧ ਸਿੰਘ ਸੀ। ਉਹ ਬਚਪਨ ਤੋਂ ਹੀ ਬਹਾਦਰੀ ਭਰੇ ਸੁਭਾਅ ਦੇ ਮਾਲਕ ਸਨ । ਗੁਜਰਾਤ ਦੇ ਸ਼ਾਸਕ ਨਾਲ ਲੜਾਈ ਸਮੇਂ ਉਨ੍ਹਾਂ ਦੀ ਬਹਾਦਰੀ ਦੇਖ ਕੇ ਪਿਤਾ ਨੇ ਉਨ੍ਹਾਂ ਦਾ ਨਾਂਅ ਰਣਜੀਤ ਸਿੰਘ ਰੱਖ ਦਿੱਤਾ। ਬਚਪਨ ਵਿੱਚ ਚੇਚਕ ਦੀ ਬਿਮਾਰੀ ਕਾਰਨ ਉਨ੍ਹਾਂ ਨੂੰ ਇੱਕ ਅੱਖ ਤੋਂ ਵਾਂਝਾ ਹੋਣਾ ਪਿਆ।
ਰਣਜੀਤ ਸਿੰਘ ਬਚਪਨ ਤੋਂ ਘੋੜ ਸਵਾਰੀ, ਤਲਵਾਰਬਾਜੀ, ਤੈਰਾਕੀ ਆਦਿ ਰੁਚੀਆਂ ਦਾ ਸ਼ੌਕੀਨ ਸੀ। ਵਿਰਸੇ ਵਿਚ ਮਿਲੀ ਸਿੱਖੀ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਭੈਤਾ, ਨਿਰਵੈਰਤਾ, ਸ਼ਹਿਣਸ਼ੀਲਤਾ ਤੇ ਉਦਾਰਤਾ ਜਿਹੇ ਗੁਣਾਂ ਦਾ ਧਾਰਨੀ ਬਣ ਗਿਆ। ਸਾਹਸ, ਬਹਾਦਰੀ, ਦਲੇਰੀ ਨੇ ਉਨ੍ਹਾਂ ਨੂੰ ਚੜ੍ਹਦੀ ਜਵਾਨੀ ਵਿਚ ਹੀ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ।
ਮਹਾਰਾਜਾ ਰਣਜੀਤ ਸਿੰਘ ਨੇ ਅਠਾਰਵੀਂ ਸਦੀ ਵਿਚ ਖਿੰਡਰੀ-ਪੁੰਡਰੀ ਖਾਲਸੇ ਦੀ ਸ਼ਕਤੀ ਦਾ ਏਕੀਕਰਨ ਕਰਦਿਆਂ ਇਕ ਮਜ਼ਬੂਤ ਖਾਲਸਾ-ਰਾਜ ਦੀ ਸਥਾਪਨਾ ਕੀਤੀ।