ਸਲੋਕ ਮਃ ੪ ॥
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥

 ਮਹਲਾ ੪, ਗੁਰੂ ਰਾਮਦਾਸ ਜੀ
 ਸਲੋਕ  ਅੰਗ ੩੦੧ (301)

ਮੇਰਾ ਮਨ ਲੋਚਦਾ (ਚਾਹੁੰਦਾ) ਹੈ ਕਿ ਭਾਂਵੇਂ ਦਿਨ ਦੇ ਅੱਠੇ ਪਹਿਰ ਗੁਜ਼ਰ ਜਾਣ, ਪਰ ਮੇਰੇ ਹਿਰਦੇ ਤੇ ਸਰੀਰ ਵਿਚ ਪਿਆਰੇ ਦਾ ਪਿਆਰ ਲੱਗਾ ਰਹੇ, ਕਦੇ ਨਾ ਮੁੱਕੇ, ਕਿਉਂਕਿ ਜਿਨ੍ਹਾਂ ਮਨੁੱਖਾਂ ਤੇ ਮਾਲਕ ਇਹੋ ਜਿਹੀ ਕਿਰਪਾ ਕਰਦਾ ਹੈ ਉਹ ਸਤਿਗੁਰੂ ਦੇ ਬਖ਼ਸ਼ੇ ਹੋਏ ਸੁਖ ਵਿਚ ਸਦਾ ਵੱਸਦੇ ਹਨ ।


13 ਮਈ, 1708 : ਗੁਰੂ ਗੋਬਿੰਦ ਸਿੰਘ ਜੀ ਅਤੇ ਬਹਾਦਰਸ਼ਾਹ ਮੁਲਾਕਾਤ ਲਈ ਬੁਰਹਾਨਪੁਰ ਪੁੱਜੇੇ

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੁਹਾਂ ਦੇ ਕਾਫ਼ਲੇ 13 ਮਈ, 1708 ਵਾਲੇ ਦਿਨ ਬੁਰਹਾਨਪੁਰ (ਮੱਧ-ਪ੍ਰਦੇਸ਼) ਪੁੱਜੇ । ਬਾਦਸ਼ਾਹ ਨੇ ਗੁਰੂ ਜੀ ਨੂੰ ਵਾਅਦਾ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਇਤਨੇ ਜ਼ਾਲੀਮਾਨਾ ਤਰੀਕੇ ਨਾਲ ਸ਼ਹੀਦ ਕਰਵਾਣ ਵਾਲੇ ਵਜ਼ੀਰ ਖਾਨ ਨੂੰ ਉਸਦੇ ਇਸ ਕਾਰੇ ਦੀ ਢੁਕਵੀਂ ਸਜ਼ਾ ਜ਼ਰੂਰ ਦਿੱਤੀ ਜਾਵੇਗੀ ।

ਜਾਪਦਾ ਹੈ ਕਿ ਇਸ ਤੋਂ ਕੁੱਝ ਚਿਰ ਪਿੱਛੋਂ ਵਜ਼ੀਰ ਖ਼ਾਨ ਦੇ ਏਲਚੀਆਂ (ਨੁਮਾਇੰਦਿਆਂ) ਦਾ ਮੇਲ ਬਾਦਸ਼ਾਹ ਨਾਲ ਹੋਇਆ ਹੋਵੇਗਾ ਕਿਉਂਕਿ ਬਾਦਸ਼ਾਹ ਮਈ, 1708 ਦੇ ਦੋ ਹਫ਼ਤੇ ਨਰਮਦਾ ਦਰਿਆ ਵਿੱਚ ਹੜ੍ਹ ਆਏ ਹੋਣ ਕਾਰਨ ਬੁਰਹਾਨਪੁਰ ਰੁਕਿਆ ਰਿਹਾ ਸੀ। ਵਜ਼ੀਰ ਖ਼ਾਨ ਦੇ ਏਲਚੀਆਂ ਨੇ ਉਸਦੀ ਦੀ ਨੀਅਤ ਬਦਲ ਦਿਤੀ।

ਇਸ ਤੋਂ ਬਾਅਦ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਤਾ। ਹੁਣ ਉਹ ਵਜ਼ੀਰ ਖ਼ਾਨ ਦੇ ਖ਼ਿਲਾਫ਼ ਐਕਸ਼ਨ ਨਹੀਂ ਲੈਣਾ ਚਾਹੁੰਦਾ ਸੀ।