ਸਲੋਕੁ ਮਃ ੩ ॥

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

 ਮਹਲਾ ੩ – ਗੁਰੂ ਅਮਰਦਾਸ ਜੀ
 ਸਲੋਕ, ਰਾਗ ਗੂਜਰੀ  ਅੰਗ ੫੦੯ (509)

ਮੇਰਾ ਸਾਹਿਬ ਸਦਾ ਲਈ ਮੌਜੂਦ ਹੈ, ਜੋ ‘ਸ਼ਬਦ’ ਕਮਾਇਆਂ ਹੀ ਅੱਖੀਂ ਦਿੱਸਦਾ ਹੈ । ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ ।

ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ ਕਿਉਂਕਿ ਉਹ ਸਭ ਜੀਵਾਂ ਵਿਚ ਮੌਜੂਦ ਹੈ । ਕਿਸੇ ਹੋਰ ਭੇਖੀ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ ।

ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ ਇੱਕੋ ਨੂੰ ਛੱਡ ਕੇ ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਮਾਲਕ ਨੂੰ ਨਹੀਂ ਪਛਾਣਦੇ । ਇਹ ਗੱਲ ਇਸ ਤਰ੍ਹਾਂ ਅੰਦਾਜ਼ੇ ਲਾਇਆਂ ਨਹੀਂ ਪਤਾ ਲਗਦੀ ਕਿ ਅਜੇਹੇ ਬੰਦਿਆਂ ਨੂੰ ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ ।


13 ਜੁਲਾਈ, 1813 : ਪਹਿਲਾ ਸਿੱਖ-ਅਫ਼ਗਾਨ ਯੁੱਧ – ਰਣਜੀਤ ਸਿੰਘ ਨੇ ਅਟਕ ਦਾ ਕਿਲ੍ਹਾ ਫ਼ਤਿਹ ਕੀਤਾ

ਅਟਕ ਪੰਜਾਬ ਦੇ ਉੱਤਰ-ਪੱਛਮ ਵਿਚ ਸਿੰਧ ਦਰਿਆ ਦੇ ਕੰਢੇ ਤੇ ਸਥਿਤ ਹੈ। ਅਫ਼ਗਾਨਿਸਤਾਨ ਵੱਲੋਂ ਆਉਣ ਵਾਲੇ ਸਾਰੇ ਹਮਲਾਵਰ ਅਟਕ ਵੱਲ ਦੀ ਹੋ ਕੇ ਸਿੰਧ ਪਾਰ ਕਰਕੇ ਪੰਜਾਬ ਵਿਚ ਦਾਖ਼ਲ ਹੁੰਦੇ ਰਹੇ ਹਨ।

ਸੰਨ 1812 ਦੇ ਅਖ਼ੀਰ ਵਿਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਸ਼ਮੀਰ ਵੱਲ ਪਹਿਲੀ ਮੁਹਿੰਮ ਭੇਜਣ ਸਮੇਂ ਜਹਾਂਦਾਦ ਖਾਨ ਅਟਕ ਦਾ ਗਵਰਨਰ ਸੀ, ਜੋ ਕਿ ਕਸ਼ਮੀਰ ਦੇ ਗਵਰਨਰ ਅਤਾ-ਮੁਹੰਮਦ ਦਾ ਭਰਾ ਸੀ। ਅਟਕ ਅਤੇ ਕਸ਼ਮੀਰ ਦੇ ਗਵਰਨਰ ਅਫ਼ਗਾਨਿਸਤਾਨ ਦੀ ਸਰਕਾਰ ਤੋਂ ਸੁਤੰਤਰ ਹੋ ਬੈਠੇ ਸਨ ਪਰ ਅਫ਼ਗਾਨਿਸਤਾਨ ਦੀ ਸਰਕਾਰ ਆਪਣੇ ਇਨ੍ਹਾਂ ਇਲਾਕਿਆਂ ਨੂੰ ਮੁੜ ਆਪਣੇ ਅਧੀਨ ਕਰਨਾ ਚਾਹੁੰਦੀ ਸੀ।

ਜਦੋਂ ਫਤਿਹ ਖਾਨ ਫ਼ੌਜ ਲੈ ਕੇ ਅਤਾ ਮੁਹੰਮਦ ਦੇ ਵਿਰੁੱਧ ਕਸ਼ਮੀਰ ਵੱਲ ਗਿਆ ਤਾਂ ਜਹਾਂਦਾਦ ਖਾਨ ਨੇ ਮਹਿਸੂਸ ਕੀਤਾ ਕਿ ਉਥੋਂ ਮੁੜਦੇ ਸਮੇਂ ਕਾਬਲ ਦੀਆਂ ਫ਼ੌਜਾਂ ਅਟਕ ਤੇ ਹਮਲਾ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲੈਣਗੀਆਂ । ਇਸ ਲਈ ਜਹਾਂਦਾਦ ਖਾਨ ਨੇ ਇਸੇ ਗੱਲ ਵਿਚ ਆਪਣਾ ਬਚਾਉ ਦੇਖਿਆ ਕਿ ਅਟਕ ਦਾ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਪੁਰਦ ਕਰ ਦੇਵੇ।

ਮਹਾਰਾਜਾ ਰਣਜੀਤ ਸਿੰਘ ਨੇ ਵੀ ਜਹਾਂਦਾਦ ਖ਼ਾਂ ਦੀ ਦਸ਼ਾ ਨੂੰ ਭਾਂਪ ਕੇ ਉਸ ਨੂੰ ਇਕ ਲੱਖ ਰੁਪਏ ਦੇ ਕੇ ਬਿਨਾਂ ਕਿਸੇ ਲੜਾਈ ਦੇ ਅਟਕ ਉੱਤੇ ਕਬਜ਼ਾ ਕਰ ਲਿਆ।

ਅਟਕ ਦੇ ਕਿਲੇ ਉਤੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਦੀ ਖ਼ਬਰ ਸੁਣ ਕੇ ਅਫ਼ਗਾਨ ਸਰਕਾਰ ਨੇ ਇਕ ਭਾਰੀ ਸੈਨਿਕ ਕਾਰਵਾਈ ਕਰ ਕੇ ਅਟਕ ਦੇ ਕਿਲੇ ਉੱਤੇ ਮੁੜ ਕਬਜ਼ਾ ਕਰਨ ਦਾ ਦ੍ਰਿੜ੍ਹ ਫ਼ੈਸਲਾ ਕਰ ਲਿਆ। ਕਾਬਲ ਦੇ ਵਜ਼ੀਰ ਫਤਿਹ ਖਾਨ ਨੇ ਹਜ਼ਾਰਾ ਦੇ ਮੁਸਲਮਾਨਾਂ ਨੂੰ ਸਿੱਖਾਂ ਵਿਰੁੱਧ ਜਹਾਦ ਕਰਨ ਲਈ ਇੱਕਠੇ ਕਰ ਕੇ ਲੋੜੀਂਦਾ ਜੰਗੀ ਸਮਾਨ ਤੇ ਰਸਦ ਪਾਣੀ ਜਮ੍ਹਾਂ ਕਰ ਲਿਆ।

ਮਹਾਰਾਜੇ ਨੇ ਹਰੀ ਸਿੰਘ ਨਲਵਾ, ਦੀਵਾਨ ਮੋਹਕਮ ਚੰਦ ਅਤੇ ਜੋਧ ਸਿੰਘ ਰਾਮਗੜ੍ਹੀਆ ਵਰਗੇ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਅਟਕ ਵੱਲ ਫ਼ੌਜ ਭੇਜੀ। ਅਟਕ ਦੇ ਨੇੜੇ ਹਜ਼ਰੋ ਦੇ ਸਥਾਨ ਤੇ 13 ਜੁਲਾਈ, 1813 ਨੂੰ ਘਮਸਾਨ ਦਾ ਯੁੱਧ ਹੋਇਆ। ਇਸ ਨੂੰ ਛੱਛ ਦੀ ਲੜਾਈ ਵੀ ਕਿਹਾ ਜਾਂਦਾ ਹੈ।

ਸ਼ੁਰੂ ਵਿਚ ਅਫ਼ਗਾਨਾ ਦਾ ਪਾਸਾ ਭਾਰੀ ਸੀ ਪਰ ਅਖ਼ੀਰ ਵਿੱਚ ਸਿੱਖ ਸੈਨਿਕਾਂ ਨੇ ਜਿੱਤ ਪ੍ਰਾਪਤ ਕੀਤੀ। ਇਸ ਯੁੱਧ ਦੇ ਸਿੱਟੇ ਵੱਜੋਂ ਮਹਾਰਾਜਾ ਰਣਜੀਤ ਸਿੰਘ ਦਾ ਅਟਕ ਉੱਤੇ ਅਧਿਕਾਰ ਹੋਣ ਦੇ ਨਾਲ ਹੀ ਉੱਤਰੀ ਭਾਰਤ ਵਿਚ ਉਸ ਦੀ ਸ਼ਕਤੀ ਦਾ ਬੋਲਾਬਾਲਾ ਹੋ ਗਿਆ। ਇਸ ਜਿੱਤ ਸਦਕਾ ਮਹਾਰਾਜਾ ਰਣਜੀਤ ਸਿੰਘ ਲਈ ਅਫ਼ਗਾਨਾਂ ਦੇ ਕਈ ਹੋਰ ਮਹਤੱਵਪੂਰਣ ਪ੍ਰਦੇਸ਼ਾਂ ਨੂੰ ਜਿੱਤਣਾ ਸੌਖਾ ਹੋ ਗਿਆ। ਉਪਰੋਕਤ ਯੁੱਧ ਨੂੰ ਪਹਿਲੇ ਸਿੱਖ-ਅਫ਼ਗਾਨ ਯੁੱਧ ਦਾ ਨਾਮ ਦਿੱਤਾ ਜਾ ਸਕਦਾ ਹੈ।