ਸਲੋਕ ਮਃ ੩ ॥
ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥
ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥ਮਹਲਾ ੩ : ਗੁਰੂ ਅਮਰਦਾਸ ਜੀ
ਰਾਗ ਵਡਹੰਸ ਅੰਗ ੫੮੮ (588)
ਤ੍ਰਿਸ਼ਨਾ ਦੀ ਅੱਗ ਵਿਚ ਸੜਦੀ ਹੋਈ ਦੁਨੀਆਂ ਦੁਖੀ ਹੋ ਰਹੀ ਹੈ, ਸੜ-ਸੜ ਕੇ ਕੁਰਲਾ ਰਹੀ ਹੈ। ਜੇਕਰ ਹਿਰਦੇ ਨੂੰ ਠੰਡ ਪਾਣ ਵਾਲਾ ਗੁਰੂ ਮਿਲ ਪਏ, ਤਾਂ ਫਿਰ ਦੁਬਾਰਾ ਕਦੇ ਨਾਹ ਸੜੇ।
ਸੱਚੇ ਨਾਮ ਦੀ ਸੋਝੀ ਤੋਂ ਸੱਖਣੇ ਮਨੁੱਖ ਦੇ ਮਨ ‘ਚੋਂ ਇਸ ਤ੍ਰਿਸ਼ਨਾ ਦੀ ਅੱਗ ਦਾ ਡਰ ਜਾਂ ਸਹਿਮ ਦੂਰ ਨਹੀਂ ਹੋ ਸਕਦਾ ਜਦੋਂ ਤੱਕ ਉਹ ਗੁਰੂ ਸ਼ਬਦ ਦੇ ਗਿਆਨ ਦੀ ਵਿਚਾਰ ਨਾਹ ਕਰੇ।
13 ਜਨਵਰੀ, 1849 : ਚੇਲਿਆਂਵਾਲਾ ਦੀ ਜੰਗ, ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ
ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ‘ਚੇਲਿਆਂਵਾਲਾ ਦੀ ਜੰਗ’ ਇਤਿਹਾਸ ਦੀ ਇੱਕ ਅਹਿਮ ਜੰਗ ਹੈ । ਇਸ ਜੰਗ ਵਿੱਚ ਖ਼ਾਲਸਾ ਫੌਜ ਦੀ ਅਗਵਾਈ ਸ੍ਰ. ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਅੰਗਰੇਜ਼ੀ ਫੌਜ ਦੀ ਅਗਵਾਈ ਜਨਰਲ ਗਫ਼ ਕੋਲ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦਾ 3000 ਤੋਂ ਵੱਧ ਜਾਨੀ ਨੁਕਸਾਨ ਹੋਇਆ, ਬਹੁਤ ਸਾਰੇ ਕੈਦੀ ਵੀ ਹੋਏ (ਤਕਰੀਬਨ 9000), ਝੰਡੇ ਤੇ ਤੋਪਾਂ ਵੀ ਖੁਸੀਆਂ।
ਸਿਖਾਂ ਹੱਥੋਂ ਇਸ ਕਰਾਰੀ ਹਾਰ ਵਾਲੀ ਖ਼ਬਰ ਦਾ ਝਟਕਾ ਇੰਗਲੈਂਡ ਤੱਕ ਜਾ ਪਹੁੰਚਿਆ। ਇੰਗਲੈਂਡ ਦੀ ਰਾਣੀ ਅਤੇ ਉਸਦੀ ਕੈਬਿਨੈਟ ਹੈਰਾਨ-ਪਰੇਸ਼ਾਨ ਹੋਏ ਗਏ ਅਤੇ ਉਨ੍ਹਾਂ ਦੇ ਪੂਰੇ ਮੁਲਕ ਵਿਚ ਤਿੰਨ ਦਿਨ ਮਾਤਮ ਚੱਲਦਾ ਰਿਹਾ।
ਇਸ ਜੰਗ ਨੂੰ ਦੁਨੀਆ ਵਿੱਚ ਮਸ਼ਹੂਰ ਵਾਟਰਲੂ ਦੀ ਜੰਗ ਦੇ ਬਰਾਬਰ ਮੰਨਿਆ ਜਾਂਦਾ ਹੈ। ਵਿਸ਼ਵ ਦੇ ਵੱਡੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਇਤਿਹਾਸ ਦੇ ਵਿਸ਼ੇ ਵਿੱਚ ਇਸ ਜੰਗ ਨੂੰ ਸ਼ਾਮਿਲ ਕਰਕੇ ਪੜ੍ਹਾਇਆ ਜਾਂਦਾ ਹੈ।