ਸਲੋਕ ਮਹਲਾ ੨ ॥

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥

 ਮਹਲਾ ੨ – ਗੁਰੂ ਅੰਗਦ ਦੇਵ ਜੀ
 ਰਾਗ ਸਾਰੰਗ  ਅੰਗ ੧੨੩੭ (1237)

ਮਨੁੱਖ ਦਾ ਮਨ ਮਾਨੋ ਕੋਠਾ ਹੈ ਤੇ ਸਰੀਰ ਇਸ ਕੋਠੇ ਦੀ ਛੱਤ ਹੈ । ਇਸ ਮਨ-ਕੋਠੇ ਨੂੰ ਮਾਇਆ ਦਾ ਜੰਦਰਾ ਵੱਜਾ ਹੋਇਆ ਹੈ ।

ਇਸ ਜੰਦਰੇ ਨੂੰ ਖੋਲ੍ਹਣ ਲਈ ਕੇਵਲ ਗਿਆਨ-ਗੁਰੁ ਹੀ ਕੁੰਜੀ ਹੈ, ਭਾਵ, ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਦੀ ਮਤਿ ਹੀ ਦੂਰ ਕਰ ਸਕਦੀ ਹੈ ।

ਸਤਿਗੁਰੂ ਤੋਂ ਬਿਨਾ ਮਨ ਦਾ ਬੂਹਾ ਖੁਲ੍ਹ ਨਹੀਂ ਸਕਦਾ, ਤੇ ਕਿਸੇ ਹੋਰ ਦੇ ਹੱਥ ਵਿਚ ਇਸ ਦੀ ਕੁੰਜੀ ਨਹੀਂ ਹੈ ।


13 ਅਗਸਤ, 1986 : ਅਕਾਲ-ਚਲਾਣਾ ਸਰਦਾਰ ਕਪੂਰ ਸਿੰਘ, ਆਈ. ਸੀ. ਐਸ.

ਸਰਦਾਰ ਕਪੂਰ ਸਿੰਘ (ਆਈ. ਸੀ. ਐਸ.) ਪ੍ਰਸਿੱਧ ਸਿੱਖ ਵਿਦਵਾਨ, ਬੁੱਧੀਜੀਵੀ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਇਨ੍ਹਾਂ ਦਾ ਜਨਮ ਜਗਰਾਉਂ, ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿਚ ਸ੍ਰ: ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿੱਚ ਜਾ ਵਸਿਆ।

ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ।

ਸਿਰਦਾਰ ਕਪੂਰ ਸਿੰਘ ਨੇ ਲੇਖਕ ਵਜੋਂ 1952 ਵਿੱਚ ਬਹੁ ਵਿਸਥਾਰ ਅਤੇ ਪੁੰਦਰੀਕ ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤੇ। ‘ਸਪਤ ਸ੍ਰਿੰਗ’ ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ। ਪੁਸਤਕ ‘ਪਰਾਸਰ ਪ੍ਰਸ਼ਨਾ – ਵੈਸਾਖੀ ਆਫ ਗੁਰੂ ਗੋਬਿੰਦ ਸਿੰਘ’ – ਸਿੱਖ ਫਿਲਾਸਫੀ ਦੀ ਇੱਕ ਚੰਗੀ ਅੰਗਰੇਜ਼ੀ ਰਚਨਾ ਹੈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ।

ਸਿਰਦਾਰ ਕਪੂਰ ਸਿੰਘ ਦਾ ਅਕਾਲ ਚਲਾਣਾ 13 ਅਗਸਤ, 1986 ਨੂੰ ਜਗਰਾਉਂ (ਲੁਧਿਆਣਾ) ਵਿਖੇ ਹੋਇਆ।