ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥
ਕੂੜੁ ਕੁਸਤੁ ਓਹੁ ਪਾਪ ਕਮਾਵੈ ॥
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥
ਅੰਨਾ ਬੋਲਾ ਖੁਇ ਉਝੜਿ ਪਾਇ ॥
ਮਨਮੁਖੁ ਅੰਧਾ ਆਵੈ ਜਾਇ ॥
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥
ਨਾਨਕ ਪੂਰਬਿ ਲਿਖਿਆ ਕਮਾਇ ॥ਮਹਲਾ ੩, ਗੁਰੂ ਅਮਰਦਾਸ ਜੀ
ਰਾਗ ਗਉੜੀ ਅੰਗ ੩੧੪ (314)
ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ ਆਪਣੇ ਵਿਕਾਰਾਂਂ ਦੇ ਜੂਏ ਵਿਚ ਅਕਲ ਗਵਾ ਲੈਂਦਾ ਹੈ ।
ਉਹ ਸਦਾ ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ ਇਸ ਵਾਸਤੇ ਉਹ ਸੁਣੇ ਕੀਹ? ਤੇ ਕਿਸੇ ਨੂੰ ਆਖ ਕੇ ਸੁਣਾਵੇ ਕੀਹ? ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਹੱਕ-ਸੱਚ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ ।
ਸਤਿਗੁਰੂ ਦੇ ਦਰਸ਼ਨ ਵਲੋਂ ਅੰਨ੍ਹਾ ਤੇ ਉਪਦੇਸ਼ ਵਲੋਂ ਬੋਲਾ, ਖੁੰਝ ਕੇ ਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ, ਤੇ ਨਿੱਤ ਹੀ ਜੰਮਦਾ-ਮਰਦਾ ਹੈ ।
ਸਤਿਗੁਰੂ ਨੂੰ ਮਿਲਣ ਤੋਂ ਬਿਨਾ ਦਰਗਾਹ ਵਿਚ ਕਬੂਲ ਨਹੀਂ ਪੈਂਦਾ, ਕਿਉਂਕਿ ਮੁਢ ਤੋਂ ਹੀ ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ ਵੱਸ ਗਏ ਹਨ ਉਹਨਾਂ ਦੇ ਅਨੁਸਾਰ ਹਮੇਸ਼ਾਂ ਮੰਦੇ ਕੰਮ ਹੀ ਕਰੀ ਜਾਂਦਾ ਹੈ ।
13 ਅਪ੍ਰੈਲ 1919 : ਸਾਕਾ ਜਲ੍ਹਿਆਂਵਾਲਾ ਬਾਗ
ਸਾਕਾ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਨਜਦੀਕ ਜਲਿਆਂਵਾਲਾ ਬਾਗ ਵਿੱਚ 13 ਅਪ੍ਰੈਲ, 1919 ਨੂੰ (ਵਿਸਾਖੀ ਦੇ ਦਿਨ) ਹੋਇਆ ਸੀ। ਉਥੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸਭਾ ਹੋ ਰਹੀ ਸੀ ਜਿਸ ਵਿੱਚ ਮੌਜੂਦ ਭੀੜ ਉੱਤੇ ਜਨਰਲ ਰੇਜੀਨਾਲਡ ਡਾਇਰ ਨਾਮਕ ਇੱਕ ਅੰਗਰੇਜ ਅਧਿਕਾਰੀ ਨੇ ਅਕਾਰਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ। ਬਾਗ ਵਿੱਚ ਜਾਣ ਲਈ ਇਕੋ ਤੰਗ ਗਲੀ ਸੀ ਜਿਸ ਥਾਂ ਤੋਂ ਇਸ ਵਹਿਸ਼ੀ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ।
ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਹੈ। ਗਦਰ ਲਹਿਰ, ‘ਪਗੜੀ ਸੰਭਾਲ ਜੱਟਾ’ ਜਿਹੀਆਂ ਸਰਗਰਮੀਆਂ ’ਤੇ ਕਾਬੂ ਪਾਉਣ ਲਈ ਅੰਗਰੇਜ਼ ਸਰਕਾਰ ਨੇ ‘ਡਿਫੈਂਸ ਆਫ਼ ਇੰਡੀਆ ਐਕਟ, 1915’ ਤੇ 1919 ਵਿੱਚ ਇਹੋ ਜਿਹਾ ਇੱਕ ਹੋਰ ਕਾਨੂੰਨ ‘ਰੌਲਟ ਐਕਟ’ ਬਣਾਇਆ। ਪੂਰੇ ਮੁਲਕ ਅਤੇ ਖਾਸਕਰ ਪੰਜਾਬ ਵਿੱਚ ਇਸ ਵਿਰੁੱਧ ਅੰਦੋਲਨ ਹੋਇਆ ਤੇ ਆਜ਼ਾਦੀ ਸੰਗਰਾਮ ਨੇ ਨਵੀਂ ਨੁਹਾਰ ਲੈਣੀ ਸ਼ੁਰੂ ਕਰ ਦਿੱਤੀ।
13 ਅਪਰੈਲ 1919 ਨੂੰ ਜਨਰਲ ਰੇਜੀਨਲਡ ਡਾਇਰ ਨੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਵਿੱਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ’ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਸੀ। ਇਹ ਇਕੱਠ ਸਿਰਫ਼ ਡਾ. ਸੈਫ਼-ਉਦ-ਦੀਨ ਕਿਚਲੂ ਅਤੇ ਡਾ. ਸੱਤਪਾਲ ਨੇਤਾਵਾਂ ਦੀ ਰਿਹਾਈ ਲਈ ਹੀ ਨਹੀਂ ਕੀਤਾ ਗਿਆ ਸੀ ਸਗੋਂ ਸਾਂਝੇ ਤੌਰ ’ਤੇ ਲੋਕਾਂ ਦੀਆਂ ਰੌਲਟ ਐਕਟ ਅਤੇ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੋਧ ਵਿੱਚ ਉੱਠਦੀਆਂ ਅਵਾਜ਼ਾਂ ਦਾ ਸਿਖਰ ਵੀ ਸੀ।
13 ਅਪ੍ਰੈਲ 1919 ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ ੪ ਵਜੇ ਆਪਣੇ ਨੇਤਾਵਾਂ ਡਾਕਟਰ ਸੈਫੁੱਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗਿਰਫਤਾਰੀ ਦੇ ਵਿਰੋਧ ਲਈ ਜਲ੍ਹਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਜਨਰਲ ਡਾਇਰ ਨੇ ਕਿਸੇ ਵੱਡੀ ਬਗਾਵਤ ਨੂੰ ਭਾਂਪਦਿਆਂ ਨੇ ਸਭਾ ਜਲਸਿਆਂ ਉੱਤੇ ਤਿੰਨ ਦਿਨ ਪਹਿਲਾਂ ਰੋਕ ਲਗਾ ਦਿੱਤਾ ਸੀ।
ਇਹ ਬਾਗ ਦੋ ਸੌ ਗਜ ਲੰਮਾ ਅਤੇ ਇੱਕ ਸੌ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ। ਸਾਰਾ ਬਾਗ ਖਚਾ ਖਚ ਭਰਿਆ ਹੋਇਆ ਸੀ। ਇਸ ਸਮੇਂ ਜਨਰਲ ਡਾਇਰ ਨੇ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਲ੍ਹਿਆਂਵਾਲਾ ਬਾਗ਼ ਨੂੰ ਘੇਰ ਲਿਆ ਅਤੇ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ। ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਪਾਰਕ ਵਿੱਚ ਮੌਜੂਦ ਖੂਹ ਵਿੱਚ ਛਲਾਂਗ ਲਗਾ ਦਿੱਤੀ।
ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ। ਉਦੋਂ ਬੰਦ ਹੋਈ ਜਦੋਂ ਬਾਰੂਦ ਮੁੱਕ ਗਿਆ। ਡਾਇਰ ਅਨੁਸਾਰ 1,650 ਗੋਲੀਆਂ ਚਲੀਆਂ ਗਈਆਂ। ਸਰਕਾਰੀ ਸਰੋਤਾਂ ਅਨੁਸਾਰ 379 ਲਾਸਾਂ ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ। ਇਸ ਕਤਲੇਆਮ ਕਾਂਡ ਵਿਚ ਪੀੜਤਾਂ ਦੀ ਗਿਣਤੀ 1,500 ਤੋਂ ਵਧ ਅਤੇ ਮਰਨ ਵਾਲੇ ਲੱਗਪਗ 1,000 ਸਨ।
ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਮੋੜ ਦਿੱਤੀ।
ਉਧਮ ਸਿੰਘ ਨੇ ਇਸ ਸਾਕੇ ਤੋਂ 21 ਸਾਲ ਬਾਅਦ ਲੰਦਨ ਜਾ ਕੇ ਪਿਸਟਲ ਦੀ ਗੋਲੀ ਨਾਲ ਜਨਰਲ ਡਾਇਰ ਨੂੰ ਭੁੰਨ ਦਿੱਤਾ ਅਤੇ ਇਸ ਹੱਤਿਆ ਕਾਂਡ ਦਾ ਬਦਲਾ ਲਿਆ।