ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥ਭਗਤ ਸ਼ੇਖ ਫ਼ਰੀਦ ਜੀ
ਸਲੋਕ ਅੰਗ ੧੩੮੩ (1383)
ਭਗਤ ਫਰੀਦ ਜੀ ਫਰਮਾਉਂਦੇ ਹਨ ਕਿ ਇਸ ਦੁਨੀਆ ਦੇ ਲੋਕ ਵਾਜੇ ਵਰਗੇ ਹਨ ਜੋ ਕਿ ਮਾਇਆ ਦੀ ਖੇਡ ਵਿਚ ਉਲਝੇ ਕੇ ਵਜਾਏ ਹੋਏ ਵੱਜ ਰਹੇ ਹਨ। ਕੀ ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ ?
ਸੰਸਾਰ ਵਿੱਚ ਉਹੀ ਭਾਗਾਂ ਵਾਲਾ ਜੀਵ ਹੈ ਜੋ ਮਾਇਆ ਦਾ ਵਜਾਇਆ ਹੋਇਆ ਨਹੀਂ ਵੱਜਦਾ, ਮਾਇਆ ਵਿਚ ਖੱਚਤ ਨਹੀਂ ਹੋਇਆ, ਅਤੇ ਜਿਸ ਦੀ ਸਾਰ-ਸੰਭਾਲ ਤੇ ਰਾਖੀ ਉਹ ਸੱਚਾ ਮਾਲਕ ਆਪ ਕਰਦਾ ਹੈ ।
12 ਮਈ, 1710 : ਚੱਪੜਚਿੜੀ ਦੀ ਜੰਗ – ਬਾਬਾ ਬੰਦਾ ਸਿੰਘ ਬਹਾਦਰ ਤੇ ਸਰਹਿੰਦ ਦੀ ਫੋਜਾਂ ਵਿਚਕਾਰ
ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਨਾਲ ਬੰਦਾ ਸਿੰਘ ਬਹਾਦਰ ਸਿੱਖਾਂ ਦੀ ਸੈਨਾ ਦਾ ਸੈਨਾਪਤੀ ਥਾਪਿਆ ਗਿਆ ਸੀ। ਗੁਰੂ ਜੀ ਨੇ ਉਸਨੂੰ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।
12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ਵਿਚ ਸਿੱਖਾਂ ਨੇ ਸਰਹਿੰਦ ਦੇ ਰਾਜਪਾਲ ਵਜ਼ੀਰ ਖ਼ਾਨ ਅਤੇ ਦੀਵਾਨ ਸੁਚਾਨੰਦ ਨੂੰ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ।
ਚੱਪੜਚਿੜੀ ਦਾ ਪਹਿਲਾ ਨਾਂ ਛੱਪੜ ਝਿੜੀ ਸੀ । ਭਾਵ ਉਹ ਝਿੜੀ ਜਿਸ ਵਿਚ ਛੱਪੜ ਹੈ । ਹੌਲੀ-ਹੌਲੀ ਵਿਗੜ ਕੇ ਨਾਂ ਚੱਪੜਚਿੜੀ ਬਣ ਗਿਆ ।
ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚੱਪੜਚਿੜੀ ਦੇ ਮੈਦਾਨ ‘ਚ ਪਹੁੰਚੇ ਤਾਂ ਉਨ੍ਹਾਂ ਕੋਲ ਨਾ ਕੋਈ ਤੋਪਖਾਨਾ ਸੀ ਨਾ ਕੋਈ ਜੰਗੀ ਹਾਥੀ ਬਲਕਿ ਲੋੜੀਂਦੇ ਘੋੜੇ ਵੀ ਪੂਰੇ ਨਹੀਂ ਸਨ। ਹਥਿਆਰ ਵੀ ਗਿਣਤੀ ਦੀਆਂ ਬੰਦੂਕਾਂ ਤੇ ਕੁਝ ਕੋਲ ਲੰਮੇ ਨੇਜ਼ੇ ਜਾਂ ਤੀਰ ਕਮਾਨ, ਬਾਕੀ ਕੋਲ ਤਲਵਾਰਾਂ ਸੀ। ਗਿਣਤੀ ‘ਚ ਵੀ ਖਾਲਸਾ ਫੌਜ ਸਰਹਿੰਦ ਦੀ ਫ਼ੌਜ ਮੁਕਾਬਲੇ ਬਹੁਤ ਘਟ ਸੀ ਪਰ ਸਿੱਖਾਂ ਦਾ ਆਪਸੀ ਪਿਆਰ, ਦਲੇਰੀ, ਹਿੰਮਤ, ਸਰਹਿੰਦ ਦੇ ਪ੍ਰਤੀ ਰੋਹ, ਸ਼ਹੀਦ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਸਨੇਹ, ਗੁਰੂ ਲਈ ਮਰ ਮਿਟਣ ਦਾ ਜਜ਼ਬਾ ਸਾਰੀਆਂ ਘਾਟਾਂ ਨੂੰ ਪੂਰਿਆਂ ਕਰ ਗਿਆ ਸੀ।