ਦੇਵਗੰਧਾਰੀ ੫ ॥

ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥

 ਮਹਲਾ ੫ : ਗੁਰੂ ਅਰਜਨ ਸਾਹਿਬ ਜੀ
 ਰਾਗ ਦੇਵਗੰਧਾਰੀ  ਅੰਗ ੫੩੪

ਹੇ ਬੇਅੰਤ! ਸੁੰਦਰ! ਪਿਆਰੇ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ! ਤੇਰੀ ਸਿਫ਼ਤਿ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ ।

ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, ਮੇਹਰ ਕਰ, ਸਿਰਫ਼ ਤੇਰੇ ਸੋਹਣੇ ਕੋਮਲ ਚਰਨਾਂ ਦੇ ਪਿਆਰ ਰੂਪੀ ਗੁਰਮਤਿ ਗਿਆਨ ਮੇਰੇ ਮਨ ਵਿਚ ਟਿਕਿਆ ਰਹੇ ।

ਹੋਰ ਲੋਕ ਤਾਂ ਬ੍ਰਹਮਾ, ਸ਼ਿਵ, ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ ਆਦਿ ਦਾ ਦਰਸਨ ਚਾਹੁੰਦੇ ਹਨ, ਪਰ ਮੈਨੂੰ ਸੱਚੇ ਗਿਆਨ ਦਾ ਦਰਸ਼ਨ ਹੀ ਚਾਹੀਦਾ ਹੈ ।

ਹੇ ਗਰੀਬ ਨਿਵਾਜ਼! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਸ਼ਰਨ ਆ ਪਿਆ ਹਾਂ ਕਿਉਂਕਿ ਜਿਸ ਨੂੰ ਤੁਸੀਂ ਮਿਲ ਪੈਂਦੇ ਹੋ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਸਦਾ ਲਈ ਖਿੜ ਪੈਂਦਾ ਹੈ ।


12 ਮਾਰਚ, 1816 : ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਕਲਗੀ ਦਿੱਤੀ

ਸਰਦਾਰ ਸ਼ਾਮ ਸਿੰਘ ਅਟਾਰੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ । ਉਨ੍ਹਾਂ ਦੇ ਪਿਤਾ ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕਾਫੀ ਪ੍ਰੇਮ-ਪਿਆਰ ਸੀ । ਸ਼ਾਮ ਸਿੰਘ ਅਟਾਰੀ ਵੀ ਮਹਾਰਾਜੇ ਦੀ ਫੌਜ ਵਿੱਚ ਭਰਤੀ ਹੋ ਗਏ ਸਨ ।

ਉਨ੍ਹਾਂ ਦੀ ਜੰਗੀ ਬਹਾਦਰੀ ਨੂੰ ਵੇਖਦਿਆਂ, 12 ਮਾਰਚ, 1816 ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਇਕ ਹੀਰਿਆਂ ਜੜੀ ਕਲਗੀ ਭੇਂਟ ਕੀਤੀ।


.