ਮਃ ੧ ॥

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਆਸਾ  ਅੰਗ ੪੬੯ (469)

ਜਿਵੇਂ ਪਾਣੀ ਨੂੰ ਘੜੇ ਵਿਚ ਪਾਇਆ ਜਾਵੇ ਤਾਂ ਉਹ ਊਂਸ ਵਿਚ ਬੱਝਾ ਹੋਇਆ ਭਾਵ, ਪਿਆ ਹੋਇਆ ਇਕ ਥਾਂ ਟਿਕਿਆ ਰਹਿ ਸਕਦਾ ਹੈ ।

ਤਿਵੇਂ ਹੀ ਗੁਰੂ ਦੇ ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਮਨ ਇਕ ਥਾਂ ਟਿਕਿਆ ਰਹਿ ਸਕਦਾ ਹੈ । ਭਾਵ, ਇਸ ਤਰ੍ਹਾਂ ਮਨ ਵਿਕਾਰਾਂ ਵਲ ਨਹੀਂ ਦੌੜਦਾ ।

ਜਿਵੇਂ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ ਤਿਵੇਂ ਹੀ ਗੁਰੂ ਤੋਂ ਬਿਨਾ ਗਿਆਨ ਵੀ ਪੈਦਾ ਨਹੀਂ ਹੋ ਸਕਦਾ ।


12 ਜੂਨ, 1960 : ਪੰਜਾਬੀ ਸੂਬਾ ਅੰਦੋਲਨ ਦਾ ਮਾਰਚ ਦਿੱਲੀ ਪਹੁੰਚਿਆ

ਪੰਜਾਬੀ ਸੂਬਾ ਅੰਦੋਲਨ ਇੱਕ ਲੰਮੇ ਸਮੇਂ ਤੋਂ ਉਲੀਕਿਆ ਗਿਆ ਸਿਆਸੀ ਅੰਦੋਲਨ ਸੀ, ਜਿਸਨੂੰ ਪੰਜਾਬੀ ਬੋਲਣ ਵਾਲੇ ਲੋਕਾਂ ਦੁਆਰਾ ਸੁਤੰਤਰਤਾ ਤੋਂ ਬਾਅਦ ਦੇ ਭਾਰਤੀ ਰਾਜ ਪੂਰਬੀ ਪੰਜਾਬ ਵਿੱਚ ਖੁਦਮੁਖਤਿਆਰ ਪੰਜਾਬੀ ਸੂਬਾ, ਜਾਂ ਪੰਜਾਬੀ ਬੋਲਣ ਵਾਲਾ ਰਾਜ ਬਣਾਉਣ ਦੀ ਮੰਗ ਕਰਦੇ ਹੋਏ ਸ਼ੁਰੂ ਕੀਤਾ ਗਿਆ ਸੀ।

ਮਈ, 1960 ਵਿਚ ਪੰਜਾਬੀ ਸੂਬੇ ਦੇ ਹੱਕ ਲਈ ਇੱਕ ਮਾਰਚ ਕੱਢਣ ਕਰਨ ਦਾ ਐਲਾਨ ਕੀਤਾ ਗਿਆ। ਪਰ ਮਾਸਟਰ ਤਾਰਾ ਸਿੰਘ ਨੂੰ 24 ਮਈ, 1960 ਦੀ ਰਾਤ ਨੂੰ ਹੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਪੰਜਾਬ ਵਿੱਚ ਵੱਡੇ ਪੱਧਰ ਤੇ ਗ੍ਰਿਫ਼ਤਾਰੀਆਂ ਹੋਈਆਂ।

ਇਹ ਮਾਰਚ 29 ਮਈ, 1960 ਨੂੰ ਸ਼ੁਰੂ ਹੋ ਕੇ, ਪੰਜਾਬ ਦੇ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ, 12 ਜੂਨ 1960 ਨੂੰ ਦਿੱਲੀ ਜਾ ਕੇ ਸਮਾਪਤ ਹੋਇਆ।