12 ਫਰਵਰੀ, 1620 : ਬੰਦੀ ਛੋੜ ਦਿਵਸ – ਗਵਾਲੀਅਰ ਦੇ ਕਿਲ੍ਹੇ ਤੋਂ ਗੁਰੂ ਹਰਗੋਬਿੰਦ ਜੀ ਦੀ ਪਹਾੜੀ ਰਾਜਿਆਂ ਸਮੇਤ ਰਿਹਾਈ

ਸਿੱਖ ਧਰਮ ਅੰਦਰ ਬੰਦੀ ਛੋੜ ਦਿਵਸ ਦਾ ਪਿਛੋਕੜ ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿਚੋਂ 12 ਫਰਵਰੀ, 1620 ਨੂੰ ਰਿਹਾਅ ਹੋਣ ਨਾਲ ਜੁੜਿਆ ਹੋਇਆ ਹੈ। ਰਿਹਾਈ ਮਗਰੋਂ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਪੁੱਜੇ ਸਨ।

ਗੁਰੂ ਸਾਹਿਬ ਨੇ ਗਵਾਲੀਅਰ ਕਿਲ੍ਹੇ ਵਿੱਚੋਂ ਬਾਹਰ ਆਉਣ ਸਮੇਂ ਆਪਣੇ ਨਾਲ ਉਨ੍ਹਾਂ ਰਾਜਿਆਂ ਦੀ ਵੀ ਮੁਕਤੀ ਕਰਵਾਈ ਜੋ ਉਥੇ ਜਹਾਂਗੀਰ ਵੱਲੋਂ ਕੈਦੀ ਬਣਾ ਕੇ ਰੱਖੇ ਗਏ ਸਨ। ਸਿੱਖ ਇਤਿਹਾਸ ਦੇ ਇਹ ਪੰਨੇ – ਝੂਠ ਅਤੇ ਅੰਨਿਆਂ ਉਪਰ ਧਰਮ ਅਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਹਨ। ਇਸ ਨਾਲ ਮਨੁੱਖਤਾ ਅੰਦਰ ਮਰ ਚੁੱਕੀ ਅਜ਼ਾਦੀ ਦੀ ਕਿਰਨ ਇਕ ਵਾਰ ਫਿਰ ਤੋਂ ਰੌਸ਼ਨ ਹੋਈ।

ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ, ਭਾਵੇਂ ਪੀੜਤ ਧਿਰ ਕੋਈ ਵੀ ਹੋਵੇ। ਦਰਅਸਲ ਸਿੱਖੀ ਦੇ ਮੁੱਢਲੇ ਅਸੂਲਾਂ ਵਿਚ ਨਿਆਂ ਅਤੇ ਪਰਉਪਕਾਰ ਮੋਹਰੀ ਹੈ। ਇਸੇ ਤਹਿਤ ਹੀ ਸਿੱਖ ਗੁਰੂ ਸਾਹਿਬਾਨ ਨੇ ਹਰ ਪੀੜਤ ਧਿਰ ਨਾਲ ਖੜ੍ਹਦਿਆਂ ਜ਼ੁਲਮਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਹੱਕ, ਸੱਚ ਤੇ ਨਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ।

ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਸ਼ਸਤਰਧਾਰੀ ਹੋਣਾ ਪਵੇਗਾ। ਇਸੇ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਮੌਕੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਵਾਈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ।

ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ ਸੀ ਜੋ ਅੱਗੇ ਚੱਲ ਕੇ ਆਪਣੇ ਗੁਰੂ ਸਾਹਿਬ ਜੀ ਦੀ ਕਮਾਨ ਥੱਲੇ ਧਰਮ ਖਾਤਿਰ ਆਪਣੀਆਂ ਜਾਨਾਂ ਤੱਕ ਵਾਰ ਗਏ। ਵਕਤ ਦੀ ਸ਼ਕਤੀਸ਼ਾਲੀ ਮੁਗਲੀਆ ਹਕੂਮਤ ਦੇ ਦੌਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਫੌਜ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ, ਸਾਰੀਆਂ ਵਿਚ ਉਹ ਜੇਤੂ ਰਹੇ। ਪਰ ਇਸ ਦੇ ਚਲਦਿਆਂ ਹਕੂਮਤ ਨੇ ਗੁਰੂ-ਘਰ ਦੇ ਕੁਝ ਦੋਖੀਆਂ ਦੀਆਂ ਚੁਗਲੀਆਂ ਅਤੇ ਕੱਟੜ-ਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ।

ਗਵਾਲੀਅਰ ਦੇ ਇਸ ਵਿਸ਼ਾਲ ਅਤੇ ਮਜ਼ਬੂਤ ਕਿਲ੍ਹੇ ਵਿਚ ਹਕੂਮਤ ਵੱਲੋਂ ਇਸ ਮੁਲਕ ਦੇ ਬਹੁਤ ਸਾਰੇ ਬਾਗੀ ਰਾਜਪੂਤ ਰਾਜੇ ਅਤੇ ਕਈ ਹੋਰ ਪ੍ਰਭਾਵਸ਼ਾਲੀ ਆਦਮੀ ਵੀ ਕੈਦ ਵਿਚ ਰੱਖੇ ਹੋਏ ਸਨ। ਗੁਰੂ ਸਾਹਿਬ ਦੀ ਗ੍ਰਿਫਤਾਰੀ ਸੁਣ ਕੇ ਸੰਗਤਾਂ ਵਿਆਕੁਲ ਹੋਣ ਲੱਗ ਪਈਆਂ। ਸੰਗਤਾਂ ਸ੍ਰੀ ਅੰਮ੍ਰਿਤਸਰ ਤੋਂ ਗਵਾਲੀਅਰ ਪੁੱਜਦੀਆਂ, ਪਰੰਤੂ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਕਿਲ੍ਹੇ ਦੀ ਪਰਕਰਮਾਂ ਕਰਕੇ ਵਾਪਸ ਆ ਜਾਂਦੀਆਂ। ਗੁਰੂ ਸਾਹਿਬ ਦੀ ਆਭਾ ਅਤੇ ਸੰਗਤ ਦੀ ਭਾਵਨਾ ਵੇਖ ਕੇ ਜਹਾਂਗੀਰ ਨੂੰ ਸਮਝ ਪੈ ਗਈ ਕਿ ਇਸ ਲਹਿਰ ਨੂੰ ਬਹੁਤੀ ਦੇਰ ਨਹੀਂ ਦਬਾਇਆ ਜਾ ਸਕਦਾ। ਉਸ ਨੇ ਗੁਰੂ ਜੀ ਨਾਲ ਸੁਲਾ ਕਰਨੀ ਹੀ ਠੀਕ ਸਮਝੀ ਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜੇ।

ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਬਾਹਰ ਆਉਣਾ ਸਵੀਕਾਰ ਨਾ ਕੀਤਾ ਅਤੇ ਉਥੇ ਬੰਦੀ ਬਣਾਏ ਰਾਜਪੂਤ ਰਾਜਿਆਂ ਆਦਿ ਦੀ ਰਿਹਾਈ ਦੀ ਹਕੂਮਤ ਨਾਲ ਗੱਲਬਾਤ ਵੀ ਤੋਰੀ ਅਤੇ ਗੁਰੂ ਸਾਹਿਬ ਜੀ ਦੀ ਸੂਝਬੂਝ ਸਦਕਾ ਕੈਦੀ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਸਿੱਖ ਪ੍ਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਵਿੰਜਾ ਕਲੀਆਂ ਵਾਲਾ ਇਕ ਖਾਸ ਚੋਲਾ ਪਹਿਨਿਆ ਸੀ ਅਤੇ ਉਨ੍ਹਾਂ ਬਵਿੰਜਾ ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜ੍ਹਕੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਿਲ ਕੀਤਾ ਸੀ। ਇਸ ਤਰ੍ਹਾਂ ਇਸ ਦਿਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ।


12 ਫਰਵਰੀ, 1763 : ਬਾਬਾ ਆਲਾ ਸਿੰਘ ਨੇ ਪਟਿਆਲਾ ਦੇ ਕਿਲਾ ਮੁਬਾਰਕ ਦੀ ਨੀਂਹ ਰੱਖੀ

ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਤੇ ਅੰਮ੍ਰਿਤਸਰ ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੋਖੀ ਤੇ ਅਮੀਰ ਦਿੱਖ ਵਾਲੀ ਹੈ।

ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਸੀ। ਪਟਿਆਲਾ, ਜਿਹੜਾ ਵਿਕਾਸ ਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ।

ਬਾਬਾ ਆਲਾ ਸਿੰਘ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ।

‘ਪੱਟੀ ਦੇ ਆਲੇ’ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ ਬਰਨਾਲੇ ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ।