ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥ਮਹਲਾ ੯ : ਗੁਰੂ ਤੇਗ ਬਹਾਦਰ ਜੀ
ਸਲੋਕ ਅੰਗ ੧੪੨੬ (1426)
ਸਾਰੇ ਵਿਕਾਰਾਂ ਤੋਂ ਬਚਾਣ ਵਾਲੇ, ਸਾਰੇ ਡਰ ਦੂਰ ਕਰਨ ਵਾਲੇ, ਅਤੇ ਅਨਾਥਾਂ ਦੀ ਸੰਭਾਲ ਕਰਨ ਵਾਲੇ ਨਾਥ ਇੱਕੋ ਮੇਰੇ ਮਾਲਕ ਹੀ ਹਨ ।
ਗੁਰੂ ਜੀ ਸਮਝਾਉਂਦੇ ਹਨ ਕਿ ਉਸ ਇੱਕੋ – ਸੱਭ ਦੇ ਮਾਲਕ, ਨੂੰ ਇਉਂ ਸਮਝ ਜਿਵੇਂ ਕਿ “ਉਹ ਸਦਾ ਮੇਰੇ ਨਾਲ ਹੀ ਵੱਸਦਾ ਹੈ !”
12 ਦਸੰਬਰ, 1699 : ਜਨਮ – ਸਾਹਿਬਜ਼ਾਦਾ ਫਤਹਿ ਸਿੰਘ
ਸਾਹਿਬਜ਼ਾਦਾ (ਬਾਬਾ) ਫਤਹਿ ਸਿੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰਾਂ ਵਿਚੋਂ ਸਭ ਤੋਂ ਛੋਟੇ ਸੁਪੁੱਤਰ ਸਨ । ਇਨ੍ਹਾਂ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ 12 ਦਸੰਬਰ, 1699 ਨੂੰ ਹੋਇਆ। ਵੱਡੇ ਸਾਹਿਬਜ਼ਾਦਿਆਂ ਵਾਂਗ ਸ਼ੁਰੂ ਤੋਂ ਹੀ ਸੈਨਿਕ ਸਿਖਲਾਈ ਦੇ ਨਾਲ ਨਾਲ ਚਰਿਤ੍ਰ-ਨਿਰਮਾਣ ਦੀ ਗੁੜਤੀ ਵੀ ਦਿੱਤੀ ਗਈ। ਆਪਣੇ ਤੋਂ ਵੱਡੇ ਭਰਾ ਬਾਬਾ ਜ਼ੋਰਾਵਰ ਸਿੰਘ ਨਾਲ ਆਨੰਦਪੁਰ ਦਾ ਕਿਲ੍ਹਾ ਛਡਣ ਵੇਲੇ ਗੁਰੂ ਜੀ ਤੋਂ ਵਿਛੜ ਗਏ।
ਦੋਨ੍ਹਾਂ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ 1705 ਵਿਚ ਸਰਹਿੰਦ ਦੀ ਦੀਵਾਰ ਅੰਦਰ ਚਿਣ ਕੇ ਸ਼ਹੀਦ ਕੀਤਾ ਗਿਆ। ਸ਼ਹੀਦੀ ਸਮੇਂ ਬਾਬਾ ਫਤਹਿ ਸਿੰਘ ਦੀ ਉਮਰ ਲਗਭਗ ਸੱਤ ਸਾਲ ਸੀ।
ਸ਼ਹੀਦੀ ਵਾਲੇ ਅਸਥਾਨ ਤੇ ਹੁਣ ਗੁਰਦੁਆਰਾ ਫਤਹਿਗੜ੍ਹ ਸਾਹਿਬ ਹੈ।