ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੫ (1375)

ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ – ਜੋ ਕੁਝ ਮੇਰੇ ਪਾਸ ਹੈ, ਇਹ ਮੇਰੇ ਤਨ, ਮਨ ਅਤੇ ਧਨ, ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ ।

ਜੇਕਰ ਤੇਰਾ ਬਖ਼ਸ਼ਿਆ ਹੋਇਆ ਇਹ ਸਾਰਾ ਕੁੱਝ (ਇਹ ਤਨ-ਮਨ-ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਵੀ ਨਹੀਂ ਜਾਂਦਾ, ਕਿਉਂਕਿ ਸੱਭ ਪਹਿਲੋਂ ਹੀ ਤੇਰਾ ਹੈ ।


12 ਅਗਸਤ, 1969 : ਪੰਜਾਬੀ ਹੱਕਾਂ ਦੀ ਮੰਗ ਕਰਨ ਖ਼ਾਤਰ ਦਰਸ਼ਨ ਸਿੰਘ ਫੇਰੂਮਾਨ ਦੀ ਗਿਰਫ਼ਤਾਰੀ

ਸੱਚਾ ਦੇਸ਼ ਭਗਤ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦਾ ਪਰਪੱਕ ਆਗੂ, ਦਰਸ਼ਨ ਸਿੰਘ ਫੇਰੂਮਾਨ ਦੀ ਜੱਦੋਜਹਿਦ ਦਾ ਮਕਸਦ, ਪੰਜਾਬੀ ਸਰੋਕਾਰਾਂ ਦੀ ਪੂਰਤੀ ਹਿਤ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਸੀ।

ਆਪ, ਮੁਲਕ ਦੀ ਆਜ਼ਾਦੀ ਪਿੱਛੋਂ, ਅਕਾਲੀ ਦਲ ਦੇ ਲੀਡਰਾਂ ਦੀਆਂ ਸਰਗਰਮੀਆਂ ਤੋਂ ਬਹੁਤ ਹੀ ਮਾਯੂਸ ਸਨ ਕਿਉਂਕਿ ਇਹ ਲੋਕ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਾਉਣ ਲਈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਹੁੰ ਚੁੱਕ ਕੇ, ਫਿਰ ਇਸਤੋਂ ਲਗਾਤਾਰ ਮੁਕਰਦੇ ਰਹੇ। ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੱਘ ਵਲੋਂ ਵਾਰ-ਵਾਰ ਮਰਨ ਵਰਤ ਰੱਖਕੇ ਤੋੜਨ ਨੂੰ ਉਨ੍ਹਾਂ ਬਹੁਤ ਹੀ ਬੁਰਾ ਮਨਾਇਆ ਅਤੇ ਆਪ ਦੇ ਮਨ ਨੂੰ ਇਨ੍ਹਾਂ ਲੀਡਰਾਂ ਦੀਆਂ ਕਾਰਵਾਈਆਂ ਨੇ ਗਹਿਰੀ ਠੇਸ ਪਹੁੰਚਾਈ।

ਉਨ੍ਹਾਂ ਮਹਿਸੂਸ ਕੀਤਾ ਕਿ ਸਿੱਖ ਲੀਡਰਾਂ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪ੍ਰੇਰਨਾ ਨਹੀਂ ਮਿਲੇਗੀ, ਸਗੋਂ ਉਹ ਗੁਰੂ ਤੋਂ ਬੇਮੁਖ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨਵੀਂ ਪੀੜ੍ਹੀ ਨੂੰ ਰਾਹ ਦਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਬਣਾਈ ਰੱਖਣ ਲਈ ਐਲਾਨ ਕੀਤਾ ਕਿ “15 ਅਗਸਤ, 1969 ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੇ ਇਰਾਦੇ ਨਾਲ ਅਣਮਿਥੇ ਸਮੇਂ ਲਈ ਮਰਨ ਵਰਤ ਰੱਖਣਗੇ।”

ਉਸ ਸਮੇਂ ਪੰਜਾਬ ਵਿਚ, ਜਸਟਿਸ ਗੁਰਨਾਮ ਸਿੰਘ ਮੁੱਖਮੰਤਰੀ ਦੀ ਅਗਵਾਈ ਵਿਚ, ਅਕਾਲੀ ਦਲ ਦੀ ਸਰਕਾਰ ਸੀ। ਸਰਕਾਰ ਨੇ ਆਪ ਨੂੰ 12 ਅਗਸਤ, 1969 ਨੂੰ ਹੀ ਗਿ੍ਰਫਤਾਰ ਕਰ ਲਿਆ ਗਿਆ।

ਆਪਨੇ ਅੰਮ੍ਰਿਤਸਰ ਜੇਲ੍ਹ ਵਿਚ ਹੀ ਮਰਨ ਵਰਤ ਰੱਖ ਦਿੱਤਾ। ਹਾਲਤ ਵਿਗੜਦੀ ਵੇਖ ਕੇ ਜਬਰੀ ਖਾਣ ਪੀਣ ਲਈ ਦੇਣ ਦੇ ਇਰਾਦੇ ਨਾਲ 26 ਅਗਸਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਪ੍ਰੰਤੂ ਆਪਨੇ ਜ਼ਬਰਦਸਤੀ ਦਿੱਤੀ ਜਾਣ ਵਾਲੀ ਖੁਰਾਕ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮਰਨਵਰਤ ਖੁਲ੍ਹਵਾਉਣ ਲਈ ਬਹੁਤ ਢੰਗ ਵਰਤੇ ਗਏ ਪ੍ਰੰਤੂ ਆਪ ਆਪਣੇ ਮੰਤਵ ਦੀ ਪ੍ਰਾਪਤੀ ਲਈ ਅੜੇ ਰਹੇ।

ਉਨ੍ਹਾਂ ਦਾ ਰੱਖਿਆ ਮਰਨ ਵਰਤ 74 ਦਿਨ ਚੱਲਿਆ ਅਤੇ ਅਖੀਰ 27 ਅਕਤੂਬਰ, 1969 ਨੂੰ ਉਹ ਸਿੱਖੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੁਰਬਾਨੀ ਦੇ ਗਏ।