ਸਲੋਕੁ ॥
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥
ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥
ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥ਮਹਲਾ ੩, ਗੁਰੂ ਅਮਰਦਾਸ ਜੀ
ਰਾਗ ਗੁਜਰੀ ਅੰਗ ੫੦੯ (509)
ਮਾਇਆ ਦੇ ਮੋਹ ਤੋਂ ਮੁਕਤੀ/ਖ਼ਲਾਸੀ ਪਾਣ ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਵੀ ਦਸਵਾਂ ਹਿੱਸਾ ਹੈ । ਪਰ ਅਸਾਡਾ ਮਨ ਹਉਮੈ ਦੇ ਨਸ਼ੇ ਨਾਲ ਮਸਤ ਹਾਥੀ ਬਣਿਆ ਪਿਆ ਹੈ। ਇਸ ਵਿਚੋਂ ਕਿਵੇਂ ਲੰਘਿਆ ਜਾ ਸਕੇ ?
ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਅਸਾਡੇ ਉਤੇ ਕਿਰਪਾ ਕਰ ਤਾਂ ਆਤਮਿਕ-ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ ।
12 ਅਪ੍ਰੈਲ, 1663 : ਜਨਮ ਭਾਈ ਬਚਿੱਤਰ ਸਿੰਘ
ਭਾਈ ਬਚਿੱਤਰ ਸਿੰਘ ਦਾ ਜਨਮ ਸ਼ਹੀਦ ਭਾਈ ਮਨੀ ਸਿੰਘ ਦੇ ਘਰ 12 ਅਪ੍ਰੈਲ, 1663 ਨੂੰ ਅਲੀਪੁਰ ਸਮਾਲੀ, ਜ਼ਿਲਾ ਮੁਲਤਾਨ ਵਿਖੇ ਹੋਇਆ ਸੀ ।
ਲੋਹਗੜ੍ਹ ਵੱਲ ਪਹਾੜੀ ਰਾਜਿਆਂ ਦੀਆਂ ਫੌਜਾਂ ਵਧ ਰਹੀਆਂ ਸਨ । ਉਨ੍ਹਾਂ ਦੇ ਅੱਗੇ-ਅੱਗੇ ਸ਼ਰਾਬ ਪਿਲਾ ਕੇ ਮਦਮਸਤ ਕੀਤਾ ਹਾਥੀ, ਕਿਲੇ ਦਾ ਦਰਵਾਜ਼ਾ ਤੋੜਨ ਲਈ, ਆ ਰਿਹਾ ਸੀ ।
ਭਾਈ ਬਚਿੱਤਰ ਸਿੰਘ ਨੇ ਆਪਣੀ ਨਾਗਣੀ ਬਰਛੀ ਉਸ ਹਾਥੀ ਦੇ ਸਿਰ ਵਿਚ ਇੰਨੇ ਜ਼ੋਰ ਨਾਲ ਮਾਰੀ ਕਿ ਹਾਥੀ ਚਿੰਘਾੜਦਾ, ਆਪਣੀਆਂ ਫੌਜਾਂ ਨੂੰ ਹੀ ਲਤਾੜਦਾ ਭੱਜ ਤੁਰਿਆ । ਇਉਂ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ।
.