ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥
ਤਾ ਤੇ ਗਉਹਰੁ ਗ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯਾਰ ਕੋ ਨਾਸੁ ॥
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥

 ਭੱਟ ਬਲ, ਕੀਰਤ ਜੀ
 ਭੱਟਾਂ ਦੇ ਸਵਈਏ  ਅੰਗ ੧੪੦੬ (1406)

ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਦਿਆਂ ਸਾਥ ਨਾ ਛੱਡਿਆ, ਉਸ ਗੁਰੂ ਤੋਂ ਮੋਤੀ ਜਿਹਾ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਹਨੇਰੇ ਦਾ ਨਾਸ ਹੋ ਗਿਆ । ਜਿਵੇਂ ਗੁਰੂ ਅੰਗਦ ਦੇਵ ਜੀ ਸਦਾ ਗੁਰੂ ਨਾਨਕ ਦੇਵ ਜੀ ਨਾਲ ਰਹੇ, ਭਾਵ, ਸਦਾ ਗੁਰੂ ਦੀ ਹਜ਼ੂਰੀ ਵਿਚ ਰਹੇ, ਤਿਵੇਂ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਨਾਲ ਰਹੇ ।

ਇਸੇ ਤਰ੍ਹਾਂ ਜੋ ਮਨੁੱਖ ਉਸ ਸਤਿਗੁਰੂ ਦੇ ਗਿਆਨ ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ, ਕ੍ਰੋਧ ਤੇ ਦੁਨਿਆਵੀ ਦੁਖਾਂ ਰੂਪੀ ਜਮਾਂ ਦਾ ਡਰ ਨਹੀਂ ਰਹਿੰਦਾ ।


11 ਅਕਤੂਬਰ, 1711 : ਹਰ ਨਾਨਕ ਨਾਮ-ਲੇਵਾ ਨੂੰ ਕਤਲ ਕਰਨ ਦਾ ਸ਼ਾਹੀ ਫੁਰਮਾਨ ਜਾਰੀ

ਅਠਾਰ੍ਹਵੀਂ ਸਦੀ ਦੇ ਆਰੰਭ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ੁਰੂ ਕੀਤੇ ਇੰਨਕਲਾਬ ਦਾ ਪੰਜਾਬ ਵਿਚ ਇਤਨਾਂ ਅਸਰ ਹੋ ਰਿਹਾ ਸੀ ਕਿ ਮੁਗਲ ਬਾਦਸ਼ਾਹ ਬਹਾਦਰਸ਼ਾਹ ਨੇ 11 ਅਕਤੂਬਰ, 1711 ਨੂੰ ਇੱਕ ਸ਼ਾਹੀ ਫੁਰਮਾਨ ਜਾਰੀ ਕੀਤਾ :

“ਨਾਨਕ ਪ੍ਰਸਤਾਂ ਹਰ ਜਾ ਕਿ ਵ ਬੰਦ ਵ ਕਤਲ ਰਸਾਨਦ”

ਅਰਥਾਤ : ਜਿਵੇਂ ਵੀ ਕੋਈ ਨਾਨਕ ਦਾ ਨਾਮ ਲੇਵਾ ਮਿਲੇ ਉਸ ਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ।

ਇਸ ਫੁਰਮਾਨ ਅਧੀਨ ਸਿੱਖਾਂ ਵਿਰੁੱਧ ਜ਼ਬਰ ਤੇਜ਼ ਹੋ ਗਿਆ। ਇਸ ਦੌਰ ਦੌਰਾਨ ਹੀ, ਭੱਟਾਂ ਦੇ ਸੱਚ ਕਹਿਣ ਦੀ ਜੁਰਅਤ ਕਾਰਨ, ਭੱਟ ਕੀਰਤ ਜੀ ਦੇ ਤਿੰਨ ਪੋਤੇ ਤੇ ਚਾਰ ਪੜਪੋਤੇ ਅਰਥਾਤ ਸੱਤ ਜਣੇ ਧਰਤੀ ਵਿਚ ਗੱਡ ਕੇ ਸ਼ਹੀਦ ਕੀਤੇ ਗਏ ਸਨ। ਇਹ ਸਾਰੇ ਹੀ ਸਿੰਘ ਸਜੇ ਹੋਏ ਸਨ।

ਭੱਟ ਕੀਰਤ ਜੀ ਦੇ ਸਿੰਘ ਸਜੇ ਪੋਤਿਆਂ ਦੇ ਨਾਮ ਸਨ – ਕੇਸੋ ਸਿੰਘ, ਹਰੀ ਸਿੰਘ ਤੇ ਦੇਸਾ ਸਿੰਘ। ਕੇਸੋ ਸਿੰਘ ਦਾ ਪੁੱਤਰ ਸੀ ਨਰਬਦ ਸਿੰਘ ਅਤੇ ਹਰੀ ਸਿੰਘ ਦੇ ਪੁੱਤਰ ਤਾਰਾ ਸਿੰਘ, ਸੇਵਾ ਸਿੰਘ ਤੇ ਦੇਵਾ ਸਿੰਘ ਸਮੇਤ ਕੁੱਲ ਸੱਤ ਮੈਂਬਰ ਇਕੱਠੇ ਸ਼ਹੀਦ ਹੋਏ। ਭੱਟ ਕੀਰਤ ਜੀ ਨੇ ਆਪ ਵੀ ਅੰਮ੍ਰਿਤਸਰ ਦੀ ਜੰਗ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ।