ਮਃ ੫ ॥

ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੩੧੯ (319)

ਇਸ ਸੰਸਾਰ ਵਿੱਚ, ਉਹਨਾਂ ਵਾਪਾਰੀ ਰੂਪੀ ਜੀਵਾਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ ਜਾਣੋ, ਜਿਨ੍ਹਾਂ ਨੇ ਆਪਣੇ ਜੀਵਨ ਸੱਚੇ ਨਾਮ ਦਾ ਸੌਦਾ ਨਹੀਂ ਲੱਦਿਆ । ਪਰ ਉਹਨਾਂ ਨੂੰ ਸ਼ਾਬਾਸ਼ ਹੈ, ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ, ਸੰਸਾਰ ਦੇ ਇੱਕੋ-ਇੱਕ ਮਾਲਕ ਨੂੰ ਪਛਾਣ ਲਿਆ ਹੈ ।


11 ਜੂਨ, 1606 : ਗੁਰਗੱਦੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ

ਗੁਰੂ ਹਰਗੋਬਿੰਦ ਜੀ ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋਂ ਛੇਵੇਂ ਗੁਰੂ ਹੋਏ ਹਨ। ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੇ 11 ਜੂਨ, 1606 ਵਾਲੇ ਦਿਨ ਗੁਰਗੱਦੀ ਸੌਂਪ ਦਿੱਤੀ। ਉਸ ਸਮੇਂ ਆਪ ਦੀ ਉਮਰ ਕੇਵਲ ਗਿਆਰਾਂ ਸਾਲ ਦੀ ਸੀ।

ਮੀਰੀ ਤੇ ਪੀਰੀ ਦਾ ਸੁਮੇਲ

ਜਦੋਂ ਬਾਬਾ ਬੁੱਢਾ ਜੀ ਦੁਆਰਾ ਗੁਰਗੱਦੀ ਦੀ ਰਸਮ ਕੀਤੀ ਜਾ ਰਹੀ ਸੀ, ਉਦੋਂ ਗੁਰੂ ਹਰਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਨੂੰ ਉਨ੍ਹਾਂ ਨੂੰ ਤਲਵਾਰ ਨਾਲ ਸ਼ਿੰਗਾਰਨ ਲਈ ਕਿਹਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫਿਰ ਇੱਕ ਨਹੀਂ, ਸਗੋਂ ਦੋ ਤਲਵਾਰਾਂ ਰੱਖੀਆਂ; ਇੱਕ ਓਹਨਾ ਦੇ ਖੱਬੇ ਪਾਸੇ ਅਤੇ ਦੂਜਾ ਓਹਨਾ ਦੇ ਸੱਜੇ ਪਾਸੇ। ਓਹਨਾ ਨੇ ਇੱਕ ਨੂੰ “ਮੀਰੀ” ਦਾ ਨਾਮ ਦਿੱਤਾ, ਜੋ ਅਸਥਾਈ ਸ਼ਕਤੀ ਨੂੰ ਦਰਸਾਉਂਦੀ ਹੈ, ਅਤੇ ਦੂਜੀ “ਪੀਰੀ”, ਜੋ ਅਧਿਆਤਮਿਕ ਸ਼ਕਤੀ ਦੀ ਨੁਮਾਇੰਦਗੀ ਕਰਦੀ ਹੈ। ਇੱਕ ਜ਼ਾਲਮ ਨੂੰ ਮਾਰਨ ਲਈ ਅਤੇ ਦੂਜੀ ਨਿਰਦੋਸ਼ਾਂ ਦੀ ਰੱਖਿਆ ਲਈ।

ਓਹਨਾ ਨੇ ਸਿੱਖਾਂ ਨੂੰ ਕਿਹਾ: “ਹੁਣ ਗੁਰੂ ਘਰ ਵਿੱਚ, ਅਧਿਆਤਮਿਕ ਅਤੇ ਦੁਨਿਆਵੀ ਸ਼ਕਤੀਆਂ ਦਾ ਸੁਮੇਲ ਹੋਵੇਗਾ।” ਗੁਰੂ ਹਰਗੋਬਿੰਦ ਨੇ ਸਿੱਖ ਧਰਮ ਵਿੱਚ ਫੌਜੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ – ਨਿਮਾਣੀ, ਨਿਤਾਣੀ ਪਰਜਾ ਅਤੇ ਸਿੱਖ ਭਾਈਚਾਰੇ ਦੀ ਰੱਖਿਆ ਲਈ।


11 ਜੂਨ, 1842 : ਰਾਣੀ ਚੰਦ ਕੌਰ ਨੂੰ ਧਿਆਨ ਸਿੰਘ ਡੋਗਰੇ ਨੇ ਕਤਲ ਕਰਵਾਇਆ

11 ਜੂਨ, 1842 ਦੀ ਰਾਤ ਨੂੰ ਸਿੱਖ ਰਾਜ ਦੇ ਗ਼ਦਾਰ ਰਾਜਾ ਧਿਆਨ ਸਿੰਘ ਡੋਗਰੇ ਨੇ ਰਾਣੀ ਚੰਦ ਕੌਰ ਨੂੰ ਕਤਲ ਕਰਵਾ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਸ਼ੁਰੂ ਹੋਈ ਖਾਨਾਜੰਗੀ ਵਿਚ ਆਪਸੀ ਭਰਾ-ਮਾਰੂ ਜੰਗ ਦੀ ਕਤਲੋ-ਗਾਰਦ ਵਿੱਚ, ਵੇਖਦਿਆਂ ਹੀ ਵੇਖਦਿਆਂ ਖਾਲਸਾ ਰਾਜ ਬਰਬਾਦ ਹੋ ਗਿਆ।

ਜੂਨ, 1842 ਵਿਚ ਜਦੋਂ ਮਹਾਰਾਜਾ ਸ਼ੇਰ ਸਿੰਘ ਸਿਆਲਕੋਟ ਗਿਆ ਹੋਇਆ ਸੀ। ਰਾਜਾ ਧਿਆਨ ਸਿੰਘ ਡੋਗਰਾ ਨੇ ਰਾਣੀ ਚੰਦ ਕੌਰ ਦੀਆਂ ਗੋਲੀਆਂ ਨੂੰ ਧਨ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਸਾਂਠ-ਗਾਂਠ ਕਰ ਲਈ।

ਧਿਆਨ ਸਿੰਘ ਡੋਗਰੇ ਨੇ ਇਨ੍ਹਾਂ ਗੋਲੀਆਂ ਦੇ ਹੱਥੋਂ 11 ਜੂਨ, 1842 ਦੀ ਰਾਤ ਨੂੰ ਰਾਣੀ ਚੰਦ ਕੌਰ ਨੂੰ ਗੁੱਤ ਦੇ ਪਰਾਂਦੇ ਨਾਲ ਉਸ ਦੀਆਂ ਬਾਹਵਾਂ ਬੰਨ੍ਹ ਕੇ, ਸਿਰ ‘ਤੇ ਪੱਥਰ ਮਾਰ-ਮਾਰ ਕੇ ਉਸ ਦਾ ਸਿਰ ਫੇਹ ਕੇ, ਉਸਨੂੰ ਮਰਵਾ ਦਿਤਾ।