ਮਃ ੨ ॥

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥

 ਮਹਲਾ ੨ – ਗੁਰੂ ਅੰਗਦ ਦੇਵ ਜੀ
 ਰਾਗ ਮਲਾਰ  ਅੰਗ ੧੨੯੦ (1290)

ਗੁਰੂ ਸਾਹਿਬ ਸਮਝਾਉਂਦੇ ਹਨ ਕਿ – ਦੁਨੀਆ ਦੀਆਂ ਫੋਕੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ, ਭਾਵ ਜੇਕਰ ਝੂਠੀ ਵਡਿਆਈਆਂ ਦੀ ਵਿਅਰਥਤਾ ਦੀ ਹਕੀਕਤ ਜਾਣ ਲਈ ਜਾਵੇ ਤਾਂ ਇਹਨਾਂ ਤੋਂ ਦੂਰ ਰਹਿਣਾ ਹੀ ਚੰਗਾ ਹੈ ।

ਇਹਨਾਂ ਚੰਦਰੀਆਂ ਨੇ ਮਨੁੱਖ ਤੋਂ ਆਪਣੇ ਮਾਲਕ ਦਾ ਸੱਚਾ ਨਾਮ ਤਾਂ ਭੁਲਵਾ ਦਿੱਤਾ ਹੈ, ਪਰ ਇਹਨਾਂ ਵਿਚੋਂ ਇੱਕ ਵੀ ਸਾਡੇ ਮਰਨ ਪਿਛੋਂ ਨਾਲ ਨਹੀਂ ਜਾਂਦੀ ।


11 ਜੁਲਾਈ, 1675 : ਗੁਰੂ ਤੇਗਬਹਾਦਰ ਜੀ ਨੇ ਦਿੱਲੀ ਵੱਲ ਚਾਲੇ ਪਾਏ

11 ਜੁਲਾਈ, 1675 ਵਾਲੇ ਦਿਨ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਹੀ ਹੇਠ ਕਸ਼ਮੀਰੀ ਪੰਡਤਾਂ ਦੇ ਇੱਕ ਵਫਦ ਦੀ ਅਰਜ਼ੋਈ ਸੁਣ ਕੇ ਗੁਰੂ ਤੇਗਬਹਾਦਰ ਜੀ ਨੇ ਦਿੱਲੀ ਵੱਲ ਨੂੰ ਚਾਲੇ ਪਾਏ।

ਗੁਰੂ ਸਾਹਿਬ ਨੂੰ ਦਿੱਲੀ ਜਾਂਦੇ ਸਮੇਂ ਰਾਹ ਵਿਚ ਕੈਦ ਕਰ ਲਿਆ ਗਿਆ ਸੀ ਅਤੇ ਚਾਂਦਨੀ ਚੌਂਕ, ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ।


11 ਜੁਲਾਈ, 1958 : ਕੇਂਦਰੀ ਸਿੱਖ ਅਜਾਇਬ ਘਰ, ਅਮ੍ਰਿਤਸਰ ਦੀ ਸਥਾਪਨਾ

ਸਿੱਖ ਇਤਿਹਾਸ ਅਤੇ ਵਿਰਸੇ ਦੀ ਅਮੀਰੀ ਸਮੋਏ ਹੋਏ, ਕੇਂਦਰੀ ਸਿੱਖ ਅਜਾਇਬਘਰ (Central Sikh Museum) – ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਘੰਟਾ-ਘਰ ਦੀ ਵੱਡੀ ਦਰਸ਼ਨੀ ਡਿਉਢੀ ਵਿਚ ਉਸਾਰਿਆ ਗਿਆ ਜੋ ਕਿ 11 ਜੁਲਾਈ, 1958 ਨੂੰ ਮੁਕੰਮਲ ਹੋਇਆ।

ਇਸ ਅਜਾਇਬਘਰ ਇਚ ਕਈ ਪ੍ਰਕਾਰ ਦੇ ਪੁਰਾਤਨ ਸ਼ਾਸਤਰ ਤੋਂ ਇਲਾਵਾ ਤੀਰ, ਤੋਪਾਂ ਦੇ ਗੋਲੇ, ਨੇਜ਼ੇ, ਭਾਲੇ ਆਦਿ ਰਖੇ ਹੋਏ ਹਨ। ਪ੍ਰਸਿੱਧ ਚਿੱਤਰਕਾਰਾਂ ਦੁਆਰਾ ਉਲੀਕੇ ਸਿੱਖ ਇਤਿਹਾਸ ਦੀ ਵਿਆਖਿਆ ਕਰਨ ਵਾਲੇ ਚਿੱਤਰ, ਗੁਰਮੁਖੀ ਲਿਪੀ ਵਿਚ ਲਿਖੀਆਂ ਪੁਰਾਤਨ ਹੱਥ-ਲਿਖਤਾਂ ਅਤੇ ਗੁਰੂ ਸਾਹਿਬਾਨ ਦੇ ਪਵਿੱਤਰ ਖ਼ਤ ਵੀ ਇਸ ਦੀ ਸ਼ੋਭਾ ਵਧਾਉਂਦੇ ਹਨ। ਬਹੁਤ ਪੁਰਾਣੇ ਸਮੇਂ ਦੇ ਸਿੱਕੇ ਅਤੇ ਸਿੱਖਾਂ ਵੱਲੋਂ ਵਰਤੇ ਜਾਂਦੇ ਸੰਗੀਤਕ ਸਾਜ਼ ਵੀ ਰੱਖੇ ਹੋਏ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ, ਮਹਾਰਾਜਾ ਰਣਜੀਤ ਸਿੰਘ ਤੇ ਹੋਰ ਪ੍ਰਸਿੱਧ ਹਸਤੀਆਂ ਦੀਆਂ ਨਿਜੀ ਵਸਤਾਂ ਵੀ ਇਥੇ ਰੱਖੀਆਂ ਹੋਈਆਂ ਹਨ। ਸਿੱਖ ਇਤਿਹਾਸ ਤੇ ਧਰਮ ਨਾਲ ਸਬੰਧਤ ਵਿਸ਼ੇਸ਼ ਵਿਅਕਤੀਆਂ ਦੇ ਚਿੱਤਰ ਵੀ ਇਥੇ ਸੁਸ਼ੋਭਿਤ ਹਨ।

ਅਜਾਇਬਘਰ ਨਾਲ ਸਬੰਧਤ ਦੋ ਲਾਇਬ੍ਰੇਰੀਆਂ ਵੀ ਹਨ ਜਿਨ੍ਹਾਂ ਵਿਚੋਂ ਇਕ ਪਬਲਿਕ ਅਤੇ ਦੂਜੀ ਹਵਾਲਾ ਲਾਇਬ੍ਰੇਰੀ ਹੈ।

1984 ਤੋਂ ਬਾਅਦ ਅਜਾਇਬਘਰ ਦੀਆਂ ਕਈ ਵਸਤਾਂ ਆਪਣੀ ਮੂਲ ਹਾਲਤ ਵਿਚ ਨਹੀਂ ਹਨ ।