ਪ੍ਰਭਾਤੀ ਮਹਲਾ ੧ ॥
ਤਾ ਕਾ ਕਹਿਆ ਦਰਿ ਪਰਵਾਣੁ ॥
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥ਮਹਲਾ ੧ – ਗੁਰੂ ਨਾਨਕ ਸਾਹਿਬ ਜੀ
ਰਾਗ ਪ੍ਰਭਾਤੀ ਅੰਗ ੧੩੨੮ (1328)
ਕੁਦਰਤਿ ਦੀ ਰਜ਼ਾ ਬਾਰੇ ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਸੱਚੇ ਦਰ ਤੇ ਸਹੀ ਮੰਨਿਆ ਜਾਂਦਾ ਹੈ, ਜੋ ਜ਼ਹਿਰ ਤੇ ਅੰਮ੍ਰਿਤ ਰੂਪੀ ਜੀਵਨ ਦੇ ਦੁੱਖ ਤੇ ਸੁਖ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ ।
ਭਾਵ ਸਾਨੂੰ ਜੋ ਸੁਖ ਜਾਂ ਦੁੱਖ ਜ਼ਿੰਦਗੀ ਵਿਚ ਮਿਲਦੇ ਹਨ, ਉਹ ਸੱਭ ਕੁਦਰਤਿ ਦੇ ਨਿਯਮਾਂ ਦੇ ਅਧੀਨ ਹੀ ਮਿਲਦੇ ਹਨ ।
11 ਜਨਵਰੀ, 1915 : ਮੇਵਾ ਸਿੰਘ ਲੋਪੋਕੇ ਨੂੰ ਵੈਨਕੂਵਰ ਕਨੇਡਾ ਵਿਚ ਫ਼ਾਂਸੀ
ਕਨੇਡਾ ਤੋਂ ਕਾਮਾਗਾਟਾਮਾਰੂ ਜਹਾਜ਼ ਦੇ ਵਾਪਿਸ ਮੁੜ ਜਾਣ ਮਗਰੋਂ ਕਨੇਡਾ ਦੇ ਕਈ ਅੰਗਰੇਜ਼ ਹਾਕਮ ਸਿੱਖਾਂ ਤੋਂ ਨਾਰਾਜ਼ ਹੋਏ ਅਤੇ ਬਦਲਾ ਲੈਣ ਦਾ ਮੌਕਾ ਲੱਭਣ ਲਗੇ ।
ਖੁਫੀਆ ਮਹਿਕਮੇ ਦੇ ਇੱਕ ਅੰਗਰੇਜ਼ ਅਫ਼ਸਰ ਹਾਪਕਿਨਸਨ ਦੇ ਇਸ਼ਾਰੇ ਤੇ ਸਰਕਾਰੀ ਟਾਊਟ ਬੇਲਾ ਸਿੰਘ ਨੇ ਗੁਰਦੁਆਰੇ ਦੇ ਪ੍ਰਧਾਨ ਅਤੇ ਇੱਕ ਹੋਰ ਸਿੱਖ ਦਾ ਕਤਲ ਕਰ ਦਿੱਤਾ ।
21 ਅਕਤੂਬਰ, 1914 ਦੇ ਦਿਨ ਜਦੋਂ ਵੈਨਕੂਵਰ, ਕਨੇਡਾ ਦੀ ਅਦਾਲਤ ਵਿਚ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਣ ਵਾਸਤੇ ਅੰਗਰੇਜ਼ ਅਫ਼ਸਰ ਹਾਪਕਿਨਸਨ ਗਿਆ ਤਾਂ ਮੇਵਾ ਸਿੰਘ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ । ਕਨੇਡਾ ਦੀ ਹਕੂਮਤ ਵੱਲੋਂ ਮੇਵਾ ਸਿੰਘ ਨੂੰ 11 ਜਨਵਰੀ, 1915 ਦੇ ਦਿਨ ਫ਼ਾਂਸੀ ਦਿੱਤੀ ਗਈ ।