ਕਾਨੜਾ ਮਹਲਾ ੪ ॥
ਜਪਿ ਮਨ ਗੋਬਿਦ ਮਾਧੋ ॥
ਹਰਿ ਹਰਿ ਅਗਮ ਅਗਾਧੋ ॥
ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥
ਧੁਰਿ ਹੋ ਹੋ ਲਿਖੇ ਲਿਲਾਧੋ ॥
…ਮਹਲਾ ੪ – ਗੁਰੂ ਰਾਮਦਾਸ ਜੀ
ਰਾਗ ਕਾਨੜਾ ਅੰਗ ੧੨੯੭ (1297)
ਹੇ ਮੇਰੇ ਮਨ! ਇਸ ਸੰਸਾਰ ਦੇ ਅਪਹੁੰਚ ਤੇ ਅਥਾਹ ਮਾਲਕ ਦਾ ਨਾਮ ਜਪਿਆ ਕਰ । ਉਸ ਨੂੰ ਹੀ ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ, ਜਿਸ ਮਨੁੱਖ ਦੇ ਮੱਥੇ ਤੇ ਧੁਰ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ, ਅਰਥਾਤ ਜਿਸਦੀ ਦ੍ਰਿਸ਼ਟੀ ਉੱਚੀ-ਸੁੱਚੀ, ਸੋਚ ਗੁਰਮਤਿ ਵਾਲੀ ਅਤੇ ਬੁਧਿ-ਬਿਬੇਕ ਦੀ ਧਾਰਨੀ ਹੋ ਜਾਂਦੀ ਹੈ।
11 ਅਗਸਤ, 1664 : ਨੌਂਵੇਂ ਗੁਰੂ ਦੀ ਭਾਲ ਵਿਚ ਸਿੱਖਾਂ ਦਾ ਜੱਥਾ ਬਕਾਲੇ ਪਿੰਡ ਪੁੱਜਾ
ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਸ਼ਾਰੇ ਮਾਤਰ ਐਲਾਨ ਕੀਤਾ ਸੀ – “ਬਾਬਾ ਬਕਾਲਾ!”, ਭਾਵ ਕਿ ਉਨ੍ਹਾਂ ਦਾ ਉੱਤਰਾਧਿਕਾਰੀ, ਨੌਂਵਾ ਗੁਰੂ ਹੁਣ ਪਿੰਡ ਬਕਾਲਾ ਵਿਖੇ ਹੈ।
11 ਅਗਸਤ, 1664 ਨੂੰ ਦਿੱਲੀ ਤੋਂ ਸਿੱਖਾਂ ਦਾ ਇੱਕ ਜੱਥਾ ਨੌਂਵੇਂ ਗੁਰੂ ਦੀ ਭਾਲ ਵਿਚ ਪੰਜਾਬ ਦੇ ਪਿੰਡ ਬਕਾਲਾ ਪਹੁੰਚਿਆ। ਉਦੋਂ (ਗੁਰੂ) ਤੇਗਬਹਾਦਰ ਜੀ ਬਕਾਲੇ ਨਿਵਾਸ ਕਰਦੇ ਸਨ।
ਬਕਾਲਾ ਵਿੱਚ ਸਿੱਖ ਸੰਗਤਾਂ ਦਾ ਇੱਕ ਵਿਸ਼ੇਸ਼ ਇਕੱਠ ਸੱਦਿਆ ਗਿਆ ਅਤੇ ਗੁਰਗੱਦੀ ਤੇਗਬਹਾਦਰ ਜੀ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ। ਇਸ ਪਿੱਛੋਂ, ਇੱਕ ਰਵਾਇਤੀ ਸਮਾਗਮ ਵਿੱਚ, ਬਾਬਾ ਗੁਰਦਿੱਤਾ ਜੀ ਨੇ ਉਨ੍ਹਾਂ ਨੂੰ ਗੁਰਗੱਦੀ ‘ਤੇ ਬਿਰਾਜਮਾਨ ਕੀਤਾ।