ਸਲੋਕ ਮਃ ੩ ॥

ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥
ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਵਡਹੰਸ  ਅੰਗ ੫੮੮ (588)

ਤ੍ਰਿਸ਼ਨਾ ਦੀ ਅੱਗ ਵਿਚ ਸੜਦੀ ਹੋਈ ਦੁਨੀਆਂ ਦੁੱਖੀ ਹੋ ਰਹੀ ਹੈ, ਸੜ-ਸੜ ਕੇ ਵਿਲਕ/ਕੁਰਲਾ ਰਹੀ ਹੈ। ਜੇਕਰ ਹਿਰਦੇ ਨੂੰ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੁਬਾਰਾ ਕਦੇ ਨਾਹ ਸੜੇ।

ਨਾਮ ਦੀ ਸੋਝੀ ਤੋਂ ਸੱਖਣੇ ਮਨੁੱਖ ਦੇ ਮਨ ‘ਚੋਂ ਇਸ ਤ੍ਰਿਸ਼ਨਾ ਦੀ ਅੱਗ ਦਾ ਡਰ ਜਾਂ ਸਹਿਮ ਦੂਰ ਨਹੀਂ ਹੋ ਸਕਦਾ ਜਦੋਂ ਤੱਕ ਉਹ ਗੁਰੂ ਸ਼ਬਦ ਦੇ ਗਿਆਨ ਦੀ ਵਿਚਾਰ ਨਾਹ ਕਰੇ। ਇਹ ਡਰ ਜਾਂ ਸਹਿਮ ਹੀ ਮੁੜ-ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ ।

ਅਰਥਾਤ ਕੁਦਰਤਿ ਦੇ ਵਿਧਾਨ ਦੀ ਸੋਝੀ ਹੀ ਸੰਸਾਰਕ ਵਿਕਾਰਾਂ ਤੋਂ ਮੁਕਤ ਕਰ ਸਕਦੀ ਹੈ।


11 ਅਪ੍ਰੈਲ, 1624 : ਬਿਲਾਸਪੁਰ ਦੇ ਰਾਜੇ ਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਦਾ

ਬਿਲਾਸਪੁਰ ਦੇ ਰਾਜੇ ਨੇ 11 ਅਪ੍ਰੈਲ, 1624 ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਜ਼ ਕੀਤੀ ਕਿ ਗੁਰੂ ਸਾਹਿਬ ਆਪਣਾ ਹੈਡਕੂਆਟਰ ਉਨ੍ਹਾਂ ਦੀ ਰਿਆਸਤ ਵਿੱਚ ਬਣਾਉਣ।

11 ਅਪ੍ਰੈਲ, 1758 : ਸਿੱਖ, ਮਰਹੱਟੇ ਤੇ ਅੱਦੀਨਾਬੇਗ ਦਾ ਲਾਹੌਰ ਤੇ ਕਬਜ਼ਾ

ਸਿੱਖ, ਮਰਹੱਟੇ ਤੇ ਅੱਦੀਨਾਬੇਗ ਨੇ ਮਿਲ ਕੇ ਲਾਹੋਰ ਤੇ ਕਬਜ਼ਾ ਕਰ ਲਿਆ। ਇਸ ਲੜਾਈ ਵਿੱਚ ਹਜ਼ਾਰਾਂ ਅਫਗਾਨੀ ਮਾਰੇ ਗਏ, ਤਕਰੀਬਨ 200 ਅਫ਼ਗਾਨੀਆਂ ਨੂੰ ਗ੍ਰਿਫ਼ਤਾਰ ਕਰਕੇ ਅਮ੍ਰਿਤਸਰ ਲਿਜਾ ਕੇ ਇਨ੍ਹਾਂ ਤੋਂ ਸਰੋਵਰ ਦੀ ਸਫਾਈ ਕਰਵਾਈ ਗਈ।

11 ਅਪ੍ਰੈਲ, 1801 : ਲਾਹੌਰ ਦਾ ਦਰਬਾਰ ਲਗਿਆ

ਮਹਾਰਾਜਾ ਰਣਜੀਤ ਸਿੰਘ ਨੇ 11 ਅਪ੍ਰੈਲ, 1801 ਦੀ ਵੈਸਾਖੀ ਵਾਲੇ ਦਿਨ, ਲਾਹੌਰ ਵਿੱਚ ਆਪਣਾ ਸ਼ਾਹੀ ਦਰਬਾਰ ਲੱਗਾਇਆ।