ਮਹਲਾ ੩ ॥

ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥
ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥
ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਗਉੜੀ  ਅੰਗ ੩੧੨ (312)

ਹਉਮੈ ਨੇ ਸਾਰੇ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ । ਲੋਕ ਖੋਟੀ-ਮਤਿ ਤੇ ਮਾਇਆ ਵਿਚ ਫਸ ਕੇ ਵਿਕਾਰ ਕਰੀ ਜਾਂਦੇ ਹਨ ।

ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਮਾਲਕ ਦੀ ਮਿਹਰ ਸਦਕਾ ਨਜ਼ਰ ਪ੍ਰਾਪਤ ਹੁੰਦੀ ਹੈ, ਪਰ ਮਨਮੁੱਖ ਲੋਕ ਤਾਂ ਆਤਮਿਕ ਤੌਰ ਅੰਨ੍ਹੇ ਹੀ ਬਣੇ ਰਹਿੰਦੇ ਹਨ।

ਸਤਿਗੁਰੂ ਜਿਸ ਕਿਸੇ ਦਾ ਪਿਆਰ ਸ਼ਬਦ ਰੂਪ ਗੁਰਬਾਣੀ ਵਿਚ ਲਾਂਦਾ ਹੈ, ਉਸ ਨੂੰ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ।


10 ਨਵੰਬਰ, 1665 : ਗੁਰੂ ਤੇਗਬਹਾਦਰ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਤਸੀਹੇ ਦਿੱਤੇ ਗਏ

ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਦਿੱਲੀ ਦੇ ਸੂਬੇਦਾਰ ਸਾਫੀ ਖਾਂ ਅਤੇ ਦਿੱਲੀ ਦੇ ਸ਼ਾਹੀ ਕਾਜ਼ੀ ਅਬਦੁਲ ਵਹਾਬ ਵੋਹਰਾ ਨੇ ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਲਈ ਲਾਲਚ ਅਤੇ ਡਰਾਵੇ ਵੀ ਦਿੱਤੇ। ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਉਹਨਾਂ ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਤਸੀਹੇ ਦੇਣੇ ਸ਼ੁਰੂ ਕੀਤੇ ਗਏ।

ਕਾਜ਼ੀ ਦੇ ਹੁਕਮ ਨਾਲ 10 ਨਵੰਬਰ, 1665 ਨੂੰ ਦਰੋਗਾ ਨੇ ਗੁਰੂ ਜੀ ਨੂੰ ਕਸ਼ਟ ਦੇਣ ਲਈ ਉਹਨਾਂ ਦੇ ਸਰੀਰ ’ਤੇ ਗਰਮ-ਗਰਮ ਰੇਤ ਪਾਈ ਗਈ। ਸਰੀਰ ਛਾਲੇ ਛਾਲੇ ਹੋ ਗਿਆ। ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਬਲਦੇ ਹੋਏ ਥੰਮ ਨਾਲ ਆਪ ਦੇ ਸਰੀਰ ਨੂੰ ਲਗਾ ਕੇ ਬਹੁਤ ਤਸੀਹੇ ਦਿੱਤੇ।