ਪਉੜੀ ॥

ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੩੨੩ (323)

ਜੋ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਲਈ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕ ਹਨ। ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ ।

ਉਹ ਸਿਮਰਨ ਤੋਂ ਕਦੇ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ, ਉਹ ਢਾਡੀ ਬਣ ਕੇ ਸੱਚੇ ਦਰ ਤੋਂ ਸਦਾ ਮੰਗਦਾ ਹੈ, ਗੁਰੂ ਦਾ ਦਰ ਕਦੇ ਛੱਡਦਾ ਨਹੀਂ ।

ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਅਤੇ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਆਪਣੇ ਮਾਲਕ ਨੂੰ ਮਿਲਣ ਲਈ ਹੀ ਤਾਂਘਦਾ ਹੈ ।


10 ਮਈ, 1759 : ਦਰਬਾਰ ਸਾਹਿਬ ਦੀ ਮੁੜ ਉਸਾਰੀ ਲਈ ਸਰਬੱਤ ਖਾਲਸਾ ਸੱਦਿਆ ਗਿਆ

10 ਮਈ, 1759 ਨੂੰ ਸਰਬੱਤ ਖਾਲਸਾ ਸੱਦਿਆ ਗਿਆ ਜਿਸ ਦੇ ਫੈਸਲੇ ਅਨੁਸਾਰ – ਅਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਮੁੜ ਉਸਾਰੀ ਵਾਸਤੇ ਸੰਗਤਾਂ ਨੂੰ ਸੁਨੇਹੇ ਭੇਜੇ ਗਏ ।


10 ਮਈ, 1930 : ਮਾਸਟਰ ਤਾਰਾ ਸਿੰਘ ਸਾਥੀਆਂ ਨਾਲ ਪਿਸ਼ਾਵਰ ਵੱਲ ਰਵਾਨਾ

ਮਾਸਟਰ ਤਾਰਾ ਸਿੰਘ 100 ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਪਿਸ਼ਾਵਰ ਵੱਲ ਰਵਾਨਾ ਹੋਏ । ਲਹੋਰ ਵਿਖੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਬਾਕੀ ਜਥਾ ਮਾਰਚ ਕਰਦਾ ਪਿਸ਼ਾਵਰ ਨੂੰ ਪੁੱਜ ਗਿਆ । ਇਸ ਦਾ ਉਦੇਸ਼ ਪਠਾਣਾ ਨਾਲ ਹਮਦਰਦੀ ਕਰਣ ਦਾ ਸੀ ।


10 ਮਈ, 1955 : ਪੰਜਾਬੀ ਸੂਬਾ ਮੋਰਚਾ ਸ਼ੁਰੂ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਪੰਜਾਬੀ ਸੂਬਾ ਮੋਰਚਾ 10 ਮਈ, 1955 ਨੂੰ ਸ਼ੁਰੂ ਹੋ ਗਿਆ ।