ਸਲੋਕ ਮਹਲਾ ੫ ॥
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਸਲੋਕ ਅੰਗ ੫੪੯
ਇਹ ਸਾਰਾ ਸੰਸਾਰ ਮਾਇਆ ਦੇ ਲਾਲਚ ਨਾਲ ਲਿੱਬੜਿਆ ਹੋਇਆ ਸਦਾ ਭਟਕਦਾ ਫਿਰਦਾ ਹੈ । ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ ।
ਪਰ ਗੁਰੂ ਸਾਹਿਬ ਅਨੁਸਾਰ ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਹੀ ਉਹ ਸੱਚਾ-ਗਿਆਨ ਵੱਸ ਪੈਂਦਾ ਹੈ ।
10 ਮਾਰਚ, 1662 : ਜਨਮ – ਸ਼ਹੀਦ ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1662 ਈ ਨੂੰ ਮਾਤਾ ਮਧੁਰੀ ਬਾਈ ਦੀ ਕੁੱਖੋਂ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਕੈਂਬੋਵਾਲ ਵਿਖੇ ਹੋਇਆ।
ਭਾਈ ਮਨੀ ਸਿੰਘ ਉਨ੍ਹਾਂ ਸਿਦਕੀ ਪਰਵਾਨਿਆਂ ਵਿੱਚੋਂ ਹਨ, ਜਿਨ੍ਹਾਂ ਦਾ ਪਰਿਵਾਰ ਛੇਵੇਂ ਸਤਿਗੁਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦਿਆਂ ਧਰਮ ਯੁੱਧਾਂ ਵਿੱਚ ਸੀਸ ਭੇਟ ਕਰਦਾ ਹੈ।
ਭਾਈ ਮਨੀ ਸਿੰਘ ਜੀ ਦੇ ਦਾਦਾ ਜੀ, ਭਾਈ ਬੱਲੂ ਜੀ ਅਤੇ ਉਨ੍ਹਾਂ ਦੇ ਸਪੁੱਤਰ, ਭਾਈ ਮਾਈ ਦਾਸ ਜੀ ਛੇਵੇਂ ਗੁਰੂ ਸਾਹਿਬ ਜੀ ਦੇ ਪ੍ਰਮੁੱਖ ਸਿਖਾਂ ਵਿੱਚੋਂ ਸਨ।
ਭਾਈ ਮਨੀ ਸਿੰਘ ਜੀ ਆਪਣੇ 12 ਭਰਾਵਾਂ ਵਿੱਚੋਂ ਸਨ ਜੋ ਧਰਮ ਯੁੱਧ ਵਿੱਚ ਸ਼ਹੀਦ ਹੋਏ ਅਤੇ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾ ਸ਼ਹਾਦਤ ਪ੍ਰਾਪਤ ਕੀਤੀ।
ਅਠਾਰ੍ਹਵੀਂ ਸਦੀ ਵਿੱਚ ਜ਼ਕਰੀਆ ਖਾਂ ਨੇ ਪੰਜਾਬ ਦਾ ਸੂਬੇਦਾਰ ਬਣਦਿਆਂ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ। ਭਾਈ ਮਨੀ ਸਿੰਘ ਜੀ ਨੇ ਇਸ ਜ਼ੁਲਮੀ ਵਾਰਤਾ ਵਿਰੁੱਧ ਵਿਸਾਖੀ ਦੇ ਦਿਹਾੜੇ ਸ੍ਰੀ ਅੰਮ੍ਰਿਤਸਰ ਵਿਖੇ ਸਰਬੱਤ ਖਾਲਸੇ ਦਾ ਇਕੱਠ ਸੱਦਿਆ । ਦੂਜੇ ਪਾਸੇ ਸੂਬੇਦਾਰ ਜ਼ਕਰੀਆ ਖਾਂ ਨੇ ਇਸ ਇੱਕਠ ਨੂੰ ਰੋਕਣ ਲਈ ਨਗਰ ਦੇ ਘੇਰੀਬੰਦੀ ਕਰਕੇ ਕਾਮਯਾਬੀ ਪ੍ਰਾਪਤ ਕਰ ਲਈ ਅਤੇ ਫਿਰ ਭਾਈ ਮਨੀ ਸਿੰਘ ਜੀ ਨੂੰ ਹਕੂਮਤ ਦਾ ਦੋਸ਼ੀ ਗਰਦਾਨ ਗ੍ਰਿਫਤਾਰ ਕਰ ਲਿਆ।
ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵੇਲੇ 90 ਵਰ੍ਹਿਆਂ ਦੀ ਸੀ। ਭਾਈ ਮਨੀ ਸਿੰਘ ਜੀ ਨੂੰ ਅਨੇਕ ਕਸ਼ਟਾਂ ਤੋਂ ਬਾਅਦ ਬੰਦ-ਬੰਦ ਕੱਟਦਿਆਂ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਭਾਣੇ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ ਪੂਰੀ ਅਡੋਲਤਾ ਨਾਲ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ ਬੰਦ-ਬੰਦ ਕਟਵਾਇਆ। ਇਹ ਸਾਕਾ 1734 ਈ ਨਖ਼ਾਸ ਚੌਂਕ ਲਾਹੌਰ ਦਾ ਹੈ।