ਆਸਾ ਮਹਲਾ ੫ ॥

ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥
ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥
ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥
ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਆਸਾ ਰਾਗ  ਅੰਗ ੪੦੭ (407)

ਹੇ ਭਾਈ! ਆਪਣੇ ਮਨ ਵਿਚ ਇੱਕੋ ਮਾਲਕ ਨੂੰ ਸਿਮਰਦਾ ਰਹਿ। ਸੱਚਾ ਨਾਮ ਹੀ ਧਿਆਇਆ ਕਰ, ਹਮੇਸਾਂ ਹਿਰਦੇ ਵਿਚ ਵਸਾਈ ਰੱਖ ਕਿਉਂਕਿ ਨਾਮ ਤੋਂ ਬਿਨਾ ਹੋਰ ਕੋਈ ਤੇਰਾ ਸਹਾਈ ਨਹੀਂ ਹੈ ।

ਆਓ! ਮਾਲਕ ਪਰਮਾਤਮਾ ਦੀ ਸਰਨ ਪਏ ਰਹੀਏ ਤੇ ਉਸ ਪਾਸੋਂ ਸਾਰੇ ਫਲ ਹਾਸਲ ਕਰੀਏ, ਸਾਰੇ ਦੁੱਖ ਵੀ ਦੂਰ ਹੋ ਜਾਣ । ਸਾਡਾ ਸਿਰਜਣਹਾਰ ਮਾਲਕ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਹਰੇਕ ਸਰੀਰ ਵਿਚ ਵੀ ਮੌਜੂਦ ਹੈ ।


10 ਜੂਨ, 1984 : ਸਾਕਾ ਨੀਲਾ ਤਾਰਾ ਦਾ ਦਸਵਾਂ ਦਿਨ

ਸਾਕਾ ਨੀਲਾ ਤਾਰਾ, ਤੀਜੇ ਘੱਲੂਘਾਰੇ ਦਾ ਦਸਵਾਂ ਦਿਨ ਸੀ। ਦੁਨੀਆ ਭਰ ਦੇ ਲੋਕਾਂ ਲਈ ਸ਼ਰਧਾ ਭਰੇ ਅਸਥਾਨ ‘ਤੇ ਖੂਨ ਪੀਣੀਆਂ ਬੰਦੂਕਾਂ ਸ਼ਾਂਤ ਹੋਈਆਂ। ਫੌਜ ਨੇ ਦਰਬਾਰ ਸਾਹਿਬ ਪਰਿਕ੍ਰਮਾ ‘ਚੋਂ ਬਾਹਰ ਨਿਕਲਣ ਲਈ ਚਾਲੇ ਵੀ ਪਾ ਦਿੱਤੇ।

ਵ ਵਾਈਟ ਪੇਪਰ ਮੁਤਾਬਕ ਇਸ ਹਮਲੇ ‘ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 783 ਨਾਮ ਸ਼ਾਮਲ ਹਨ ਪਰ ਮੌਕੇ ਤੇ ਹਾਜ਼ਰ ਲੋਕ ਇਹ ਗਿਣਤੀ ਕਿਤੇ ਜ਼ਿਆਦਾ ਦੱਸਦੇ ਹਨ। ਸਿੱਖ ਕੌਮ ਇਸਨੂੰ ਨਾ ਭੁੱਲਣਯੋਗ, ਨਾ ਮੰਨਣਯੋਗ, ਨਾ ਬਖਸ਼ਣਯੋਗ ਮੰਨਦੀ ਹੈ।

ਦਰਬਾਰ ਸਾਹਿਬ ਉੱਤੇ ਹਮਲੇ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਪਾਰਲੀਮੈਂਟ ਦੀ ਸੀਟ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।