ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥
ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੦ (1370)

ਭਗਤ ਕਬੀਰ ਜੀ ਫਰਮਾਉਂਦੇ ਹਨ – ਸਚਿਆਰ ਜੀਵਨ ਛੱਡ ਦੇਣ ਦਾ ਹੀ ਇਹ ਨਤੀਜਾ ਹੈ ਕਿ ਆਪਣੀ ਨਾਸਮਝੀ ਵਿਚ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ।

ਆਖ਼ਰ ਜਗਤ ਦੇ ਕੰਮ-ਧੰੰਧੇ ਕਰਦਾ ਹੀ ਉਹ ਆਤਮਕ ਮੌਤੇ ਮਰ ਜਾਂਦਾ ਹੈ, ਕੋਈ ਸਾਕ-ਸਬੰਧੀ ਵੀ ਉਸਨੂੰ ਬਚਾਣ-ਜੋਗਾ ਨਹੀਂ ਹੁੰਦਾ ।


10 ਜੁਲਾਈ, 1676 : ਔਰੰਗਜ਼ੇਬ ਵੱਲ ਡੰਡਾ ਉਲਾਰਿਆ ਗਿਆ

ਚਾਂਦਨੀ ਚੌਂਕ, ਦਿੱਲੀ ਵਿਖੇ ਗੁਰੂ ਤੇਗਬਹਾਦਰ ਜੀ ਦੀ ਸ਼ਹਾਦਤ 24 ਨਵੰਬਰ, 1675 ਨੂੰ ਹੋਣ ਉਪਰੰਤ ਹਰ ਪਾਸੇ ਇਹ ਪ੍ਰਚਾਰ ਹੁੰਦਾ ਰਿਹਾ ਕਿ ਹੁਣ ਸਿੱਖ ਭੈਅ-ਭੀਤ ਹੋ ਗਏ। ਇਸ ਸ਼ਹਾਦਤ ਤੋਂ ਪਿੱਛੋਂ ਕਦੇ ਸਿਰ ਉਠਾਉਣ ਜੋਗੇ ਨਹੀਂ ਰਹਿਣਗੇ। ਪਰ ਇਸ ਤੋਂ ਉਲਟ ਸਿੱਖਾਂ ਵਿੱਚ ਇਸ ਸ਼ਹਾਦਤ ਪ੍ਰਤੀ ਕਿੰਨਾ ਰੋਹ ਤੇ ਅਥਾਹ ਬਲ ਪੈਦਾ ਹੋ ਗਿਆ।

10 ਜੁਲਾਈ, 1676 ਨੂੰ ਚਾਂਦਨੀ ਚੌਂਕ ਵਿੱਚੋਂ ਔਰੰਗਜ਼ੇਬ ਦੀ ਸਵਾਰੀ ਲੰਘਣ ਸਮੇਂ ਇੱਕ ਗੁਰੂ ਕੇ ਸਿੱਖ ਨੇ ਔਰੰਗਜ਼ੇਬ ਵੱਲ ਉਲਾਰ ਕੇ ਡੰਡਾ ਮਾਰਿਆ, ਜੋ ਉਸ ਦੇ ਸ਼ਾਹੀ ਛੱਤਰ ਦੇ ਅਗਲੇ ਹਿਸੇ ਵਿੱਚ ਜਾ ਵੱਜਾ। ਭਾਵੇਂ ਕਿ ਉਸ ਸਿੱਖ ਨੂੰ ਫੜ ਕੇ ਕੋਤਵਾਲ ਦੇ ਹਵਾਲੇ ਕਰ ਕੇ ਸਜਾ ਦਿੱਤੀ ਗਈ, ਪਰ ਹੱਕ-ਸੱਚ ਅਤੇ ਨਿਆਂ ਦੀ ਜੱਦੋ-ਜਹਿਦ ਨੂੰ ਤਿੱਖਾ ਕਰਨ ਲਈ ਸਿੱਖਾਂ ਦੀ ਜੁਅਰਤ ਅਤੇ ਉਤਸ਼ਾਹ ਦੀ ਦਾਦ ਦੇਣੀ ਬਣਦੀ ਹੈ।


10 ਜੁਲਾਈ, 1866 : ਮਹਾਰਾਜਾ ਦਲੀਪ ਸਿੰਘ ਦੇ ਘਰ ਪੁੱਤਰ ਦਾ ਜਨਮ

ਮਹਾਰਾਜਾ ਦਲੀਪ ਸਿੰਘ ਅਤੇ ਬੰਬਾ ਦੇ ਗ੍ਰਹਿ ਵਿਖੇ, 10 ਜੁਲਾਈ, 1866 ਦੇ ਦਿਨ, ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਪ੍ਰਿੰਸ ਵਿਕਟਰ ਅਲਬਰਟ ਜੇ. ਦਲੀਪ ਸਿੰਘ ਰੱਖਿਆ ਗਿਆ।

ਉਸ ਨੇ ਰਾਇਲ ਮਿਲਟਰੀ ਕਾਲਜ, ਸੈਂਡਹਰਸਟ ਤੋਂ ਫੌਜ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਸਾਲ 1887 ਵਿਚ ਫ਼ਸਟ ਰਾਇਲ ਡਰੈਗੂਨਜ਼ ਪਲਟਨ ਵਿਚ ਸੈਕੰਡ-ਲੈਫ਼ਟੀਨੈਂਟ ਭਰਤੀ ਹੋ ਗਿਆ, ਜਿੱਥੇ ਉਸ ਨੇ 1898 ਤਕ ਨੌਕਰੀ ਕੀਤੀ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਮਿਲਟਰੀ ਸੇਵਾ ਨਿਭਾਈ।


10 ਜੁਲਾਈ, 1929 : ਭਗਤ ਸਿੰਘ ਅਤੇ ਸਾਥੀਆਂ ਉਤੇ ਬੋਰਸਟਲ ਜੇਲ੍ਹ, ਲਾਹੌਰ ਵਿਚ ਮੁਕੱਦਮਾ ਸ਼ੁਰੂ

ਭਗਤ ਸਿੰਘ ਅਤੇ 27 ਹੋਰ ਕੈਦੀਆਂ ਉਤੇ, ਸਾਂਡਰਜ਼ ਦੇ ਕਤਲ ਦੇ ਦੋਸ਼ਾਂ ਤੋਂ ਇਲਾਵਾ, ਸਕਾਟ ਦੀ ਹੱਤਿਆ ਦੀ ਸਾਜਿਸ਼ ਦਾ ਖਾਕਾ ਬਣਾਉਣ ਅਤੇ ਬਰਤਾਨਵੀ ਹਕੂਮਤ ਦੇ ਖਿਲਾਫ ਜੰਗ ਲੜਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੋਸ਼ ਅਧੀਨ ਭਗਤ ਸਿੰਘ ਨੂੰ ਬੋਰਸਟਲ ਜੇਲ੍ਹ, ਲਾਹੌਰ ਲਿਜਾਇਆ ਗਿਆ ਅਤੇ ਮੁਕੱਦਮਾ 10 ਜੁਲਾਈ, 1929 ਨੂੰ ਸ਼ੁਰੂ ਹੋਇਆ।

ਓਦੋਂ ਭਗਤ ਸਿੰਘ, ਅਤੇ ਉਸਦੇ ਸਾਥੀ, ਜੇਲ ਵਿਚ ਹੁੰਦੇ ਅਣਮਨੁੱਖੀ ਵਤੀਰੇ ਖ਼ਿਲਾਫ਼ ਭੁੱਖ ਹੜਤਾਲ ਤੇ ਸੀ ਅਤੇ ਉਸਨੂੰ ਇੱਕ ਸਟ੍ਰੇਚਰ ‘ਤੇ ਹੱਥਕੜੀ ਲਗਾ ਕੇ ਅਦਾਲਤ ਲਿਜਾਣਾ ਪੈ ਰਿਹਾ ਸੀ।

ਜੇਲ੍ਹ ਵਿਚ ਚੱਲ ਰਹੀ ਭੁੱਖ ਹੜਤਾਲ ਦੀ ਸਰਗਰਮੀਆਂ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਹੋ ਰਹੀ ਵੀ। ਇਸੇ ਲਈ ਹੀ ਅੰਗਰੇਜ਼ ਸਰਕਾਰ ਨੇ ਸਾਂਡਰਜ਼ ਕਤਲ ਦੇ ਮੁਕੱਦਮੇ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ, ਜਿਸਨੂੰ ਬਾਅਦ ਵਿੱਚ ‘ਲਾਹੌਰ ਸਾਜ਼ਿਸ਼ ਕੇਸ’ ਕਿਹਾ ਗਿਆ।